Parminder Singh Dhindsa: ਪੁਨਰ ਸੁਰਜੀਤ ਤੇ ਵਾਰਿਸ ਪੰਜਾਬ ਦੀ ਏਕਤਾ ਦੇ ਆਸਾਰ: ਢੀਂਡਸਾ
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਤੇ ਪੰਥ ਦੀ ਮਜ਼ਬੂਤੀ ਲਈ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ। ਇਸੇ ਨਾਲ ਹੀ ਪੰਥ ਤੇ ਪੰਜਾਬ ਨੂੰ ਅਜੋਕੀ ਮਾੜੀ ਸਥਿਤੀ ’ਚੋਂ ਬਾਹਰ ਕੱਢਿਆ ਜਾ...
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਤੇ ਪੰਥ ਦੀ ਮਜ਼ਬੂਤੀ ਲਈ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ। ਇਸੇ ਨਾਲ ਹੀ ਪੰਥ ਤੇ ਪੰਜਾਬ ਨੂੰ ਅਜੋਕੀ ਮਾੜੀ ਸਥਿਤੀ ’ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਸ੍ਰੀ ਢੀਂਡਸਾ ਲੌਂਗੋਵਾਲ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਗੱਠਜੋੜ ਲਈ ਇੱਕ ਕਮੇਟੀ ਬਣਾਈ ਗਈ ਸੀ। ਗੱਲਬਾਤ ਦੌਰਾਨ ਇੱਕ-ਦੋ ਜਣਿਆਂ ਨੂੰ ਛੱਡ ਕੇ ਬਾਕੀ ਮੈਂਬਰਾਂ ਦੀ ਸਹਿਮਤੀ ਬਣ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਮੇਟੀ ਦੀ ਅੰਦਰੂਨੀ ਮੀਟਿੰਗ ਦੌਰਾਨ ਇਸ ਗੱਲ ’ਤੇ ਵੀ ਗੰਭੀਰ ਚਰਚਾ ਹੋਈ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ ਹੈ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਦੋਵਾਂ ਜਥੇਬੰਦੀਆਂ ਵਿੱਚ ਏਕਤਾ ਹੋਣ ਦੇ ਆਸਾਰ ਰੌਸ਼ਨ ਹਨ। ਜੇ ਦੋਵਾਂ ਜਥੇਬੰਦੀਆਂ ਦੀ ਏਕਤਾ ਹੋ ਜਾਂਦੀ ਹੈ ਤਾਂ ਪੰਥਕ ਸ਼ਕਤੀ ਨੂੰ ਇੱਕ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇਜਾ ਸਿੰਘ ਕਮਾਲਪੁਰ, ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਸਤਿਗੁਰ ਸਿੰਘ ਨਮੋਲ ਸੀਨੀਅਰ ਆਗੂ ਹਾਜ਼ਰ ਸਨ।

