ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਛੀਵਾੜਾ ਮੰਡ ਤੋਂ ਡੇਢ ਦਹਾਕਾ ਪਹਿਲਾਂ ਲਾਵਾਰਿਸ ਹਾਲਤ ਵਿੱਚ ਮਿਲੀ ‘ਪਿੰਕੀ’ ਨਾਮ ਦੀ ਬੱਚੀ ਦੇ ਮਾਪਿਆਂ ਦਾ 15 ਸਾਲ ਬੀਤ ਜਾਣ ਦੇ ਬਾਵਜੂਦ ਕੋਈ ਸੁਰਾਗ਼ ਨਹੀਂ ਲੱਗ ਸਕਿਆ। ਇਹ ਬੱਚੀ ਦਿਮਾਗੀ ਤੌਰ ’ਤੇ ਬਿਮਾਰ ਹੈ, ਜਿਸ ਕਾਰਨ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਉਸ ਦੇ ਪਰਿਵਾਰ ਵਾਲੇ ਹੀ ਉਸ ਨੂੰ ਲਾਵਾਰਿਸ ਛੱਡ ਗਏ ਸਨ। ਪਿੰਕੀ 2 ਜੂਨ 2013 ਤੋਂ 28 ਸਤੰਬਰ 2018 ਤੱਕ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਵਿੱਚ ਰਹੀ ਅਤੇ ਪਿਛਲੇ ਅੱਠ ਸਾਲਾਂ ਤੋਂ ਉਹ ਪਟਿਆਲਾ ਦੇ ਸਰਕਾਰੀ ਬਾਲ ਘਰ ਵਿੱਚ ਰਹਿ ਰਹੀ ਹੈ। ਮੌਜੂਦਾ ਸਮੇਂ ਇਹ ਬੱਚੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ (ਡੀ ਸੀ ਪੀ ਓ) ਸ਼ਾਇਨਾ ਕਪੂਰ ਦੀ ਨਿਗਰਾਨੀ ਹੇਠ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬੱਚੀ ਦੇ ਪਰਿਵਾਰ ਜਾਂ ਕਿਸੇ ਸਰਪ੍ਰਸਤ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਇਸ ਬੱਚੀ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ 10 ਅਗਸਤ ਤੱਕ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਟਿਆਲਾ ਦੇ ਦਫ਼ਤਰ ਵਿੱਚ ਇਤਲਾਹ ਦੇ ਸਕਦਾ ਹੈ। ਇਸ ਸਬੰਧੀ ਵਿਭਾਗ ਵੱਲੋਂ ਸੰਪਰਕ ਨੰਬਰ 0175-2353523 ਵੀ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹੁਣ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿਮਾਗੀ ਤੌਰ ’ਤੇ ਬਿਮਾਰ ਅਜਿਹੇ ਲਾਵਾਰਿਸ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਲਈ ਉਨ੍ਹਾਂ ਨੂੰ ਵੀ ਗੋਦ ਦੇਣ ਦੀ ਪ੍ਰਕਿਰਿਆ ਦੇ ਦਾਇਰੇ ਵਿੱਚ ਲਿਆਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ।

