ਰਵੇਲ ਸਿੰਘ ਭਿੰਡਰ
ਪਟਿਆਲਾ, 4 ਜੂਨ
ਲੌਕਡਾਊਨ ਦੌਰਾਨ ਸਕੂਲ ਬੰਦ ਰਹਿਣ ਦੇ ਬਾਵਜੂਦ ਪ੍ਰਾਈਵੇਟ ਸਕੂਲ ਮਾਲਕਾਂ ਵੱਲੋਂ ਫੀਸ ਦੀ ਵਸੂਲੀ ਸ਼ੁਰੂ ਕਰਨ ਤੋਂ ਭੜਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਸਕੂਲ ਬੱਚਿਆਂ, ਮਾਪਿਆ ਨੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਪਟਿਆਲਾ ਸਥਿਤ ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਘਰ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨ, ਮਾਪੇ ਅਤੇ ਬੱਚੇ ਸਵੇਰੇ 8 ਤੋਂ ਲੈ ਕੇ ਦੁਪਹਿਰ 2 ਵਜੇ ਤਿੱਖੀ ਧੁੱਪ ਵਿੱਚ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਡਟੇ ਰਹੇ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਬਤੌਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੁਰੰਤ ਹੁਕਮ ਜਾਰੀ ਕਰਨ ਕਿ ਲੌਕਡਾਊਨ ਦੌਰਾਨ ਕੋਈ ਪ੍ਰਾਈਵੇਟ ਸਕੂਲ ਬੱਚਿਆਂ ਤੋਂ ਫੀਸ ਨਹੀਂ ਵਸੂਲੇਗਾ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਜਿਸ ਸਮੇਂ ਲੌਕਡਾਊਨ ਹੋਇਆ ਸੀ ਤਾਂ ਵਿਜੈਇੰਦਰ ਸਿੰਗਲਾ ਨੇ ਬਿਆਨ ਦਿੱਤੇ ਸਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਮਾਪਿਆਂ ਤੋਂ ਫੀਸਾਂ ਵਸੂਲ ਨਾ ਕਰੇ, ਹੁਣ ਤਿੰਨ ਮਹੀਨੇ ਬਾਅਦ ਕੀ ਹੋ ਗਿਆ ਹੈ ਕਿ ਇਸ ਮੰਤਰੀ ਦੇ ਮੂੰਹ ਨੂੰ ਤਾਲਾ ਲੱਗ ਗਿਆ ਹੈ।
ਇਸ ਮੌਕੇ ਪੇਰੈਂਟਸ ਗਰੁੱਪ ਪਟਿਆਲਾ, ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਪਟਿਆਲਾ, ਅਰਵਿੰਦੋ, ਸੇਂਟ ਪੀਟਰਜ਼, ਬ੍ਰਿਟਿਸ਼ ਕੋ ਐਡ ਸਕੂਲ, ਲੇਡੀ ਫਾਤਿਮਾ, ਬਿਪਸ ਸਕੂਲ ਪੇਰੈਂਟਸ ਆਦਿ ਐਸੋਸੀਏਸ਼ਨਾਂ ਸਮੇਤ ਸਮੁੱਚੇ ਸਕੂਲਾਂ ਦੇ ਮਾਪੇ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਹੈਪੀ, ਪਵਨ ਸਿੰਗਲਾ, ਜਗਤਾਰ ਜੱਗੀ, ਜੈਦੀਪ, ਪਵਨ ਮਿੱਢਾ,ਨਰਿੰਦਰ, ਨਵਜੋਤ ਸਿੰਘ, ਅਕਾਸ਼ ਬਾਕਸਰ, ਆਦਿ ਹਾਜ਼ਰ ਸਨ। ਅਜਿਹੇ ਸੰਘਰਸ਼ ਮਗਰੋਂ ਆਖਿਰ ਸਿੱਖਿਆ ਮੰਤਰੀ ਨੇ ਧਰਨਾਕਾਰੀ ਵਫ਼ਦ ਨੂੰ ਸੱਦ ਕੇ ਮੰਗ ਪੱਤਰ ਹਾਸਿਲ ਵੀ ਕੀਤਾ।