‘ਸਿਰਜਣਾ’ ਅਤੇ ‘ਇਕ ਹੈ ਜੰਗਲ ਹਰਾ ਭਰਾ’ ਨਾਟਕਾਂ ਦਾ ਮੰਚਨ
ਵਿਸ਼ਵ ਰੰਗਮੰਚ ਦਿਵਸ ਮੌਕੇ ਰੰਗਸ਼ਾਲਾ ਥੀਏਟਰ ਗਰੁੱਪ ਅਤੇ ਕਲਾ ਕੇਂਦਰ ਸੰਗਰੂਰ ਵੱਲੋਂ ਰਾਮ ਵਾਟਿਕਾ ਬੱਘੀਖਾਨਾ ਵਿੱਚ ਪਰਮਜੀਤ ਗਾਗਾ ਮੈਮੋਰੀਅਲ ਤਿੰਨ ਰੋਜ਼ਾ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਕੀਤੀ ਗਈ। ਫੈਸਟੀਵਲ ਦਾ ਉਦਘਾਟਨ ਕੱਲ੍ਹ ਦੇਰ ਸ਼ਾਮ ਆਸ਼ਾ ਪਰਵੀਨ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰ...
ਵਿਸ਼ਵ ਰੰਗਮੰਚ ਦਿਵਸ ਮੌਕੇ ਰੰਗਸ਼ਾਲਾ ਥੀਏਟਰ ਗਰੁੱਪ ਅਤੇ ਕਲਾ ਕੇਂਦਰ ਸੰਗਰੂਰ ਵੱਲੋਂ ਰਾਮ ਵਾਟਿਕਾ ਬੱਘੀਖਾਨਾ ਵਿੱਚ ਪਰਮਜੀਤ ਗਾਗਾ ਮੈਮੋਰੀਅਲ ਤਿੰਨ ਰੋਜ਼ਾ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਕੀਤੀ ਗਈ। ਫੈਸਟੀਵਲ ਦਾ ਉਦਘਾਟਨ ਕੱਲ੍ਹ ਦੇਰ ਸ਼ਾਮ ਆਸ਼ਾ ਪਰਵੀਨ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਗਿਆ। ਪਹਿਲੇ ਦਿਨ ‘ਸਿਰਜਣਾ’ ਅਤੇ ‘ਇਕ ਹੈ ਜੰਗਲ ਹਰਾ ਭਰਾ’ ਨਾਟਕਾਂ ਦਾ ਮੰਚਨ ਕੀਤਾ ਗਿਆ। ਪਾਲੀ ਭੁਪਿੰਦਰ ਵੱਲੋਂ ਲਿਖੇ ਨਾਟਕ ‘ਸਿਰਜਣਾ’ ਨੇ ਜੀਵਨ ਦੇ ਸਕਾਰਾਤਮਕ ਪੱਖ ਨੂੰ ਦਰਸਾਇਆ, ਜਦਕਿ ਬੱਚਿਆਂ ਵੱਲੋਂ ਪੇਸ਼ ‘ਇਕ ਹੈ ਜੰਗਲ ਹਰਾ ਭਰਾ’ ਨੇ ਵਾਤਾਵਰਨ ਸੰਭਾਲ ਅਤੇ ਦਰੱਖਤਾਂ ਦੀ ਮਹੱਤਤਾ ਬਾਰੇ ਸੁਨੇਹਾ ਦਿੱਤਾ। ਦੋਵੇਂ ਨਾਟਕਾਂ ਦਾ ਨਿਰਦੇਸ਼ਨ ਰੰਗਸ਼ਾਲਾ ਦੇ ਨਿਰਦੇਸ਼ਕ ਯਸ਼ ਵੱਲੋਂ ਕੀਤਾ ਗਿਆ। ਕਲਾਕਾਰਾਂ ਦੀ ਪ੍ਰਭਾਵਸ਼ਾਲੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਦੂਜੇ ਦਿਨ ਪ੍ਰਸਿੱਧ ਵਿਅੰਗ ਨਾਟਕ ‘ਅੰਧੇਰ ਨਗਰੀ ਚੌਪਟ ਰਾਜਾ’ ਦਾ ਸਫਲ ਮੰਚਨ ਕੀਤਾ ਗਿਆ, ਜੋ ਭਾਰਤੇਂਦੁ ਹਰੀਸ਼ਚੰਦਰ ਦੀ ਰਚਨਾ ਹੈ। ‘ਟੱਕੇ ਸੇਰ ਭਾਜੀ, ਟੱਕੇ ਸੇਰ ਖਾਜਾ’ ਵਰਗੀ ਪ੍ਰਣਾਲੀ ਰਾਹੀਂ ਸਮਾਜ ਵਿੱਚ ਫੈਲੀ ਅਰਾਜਕਤਾ ਨੂੰ ਦਰਸਾਇਆ ਗਿਆ। ਕਹਾਣੀ ਨੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਸੋਚਣ ’ਤੇ ਮਜਬੂਰ ਕੀਤਾ ਕਿ ਲਾਲਚ ਅਤੇ ਗਲਤ ਫੈਸਲੇ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ।
ਨਾਟਕ ਵਿੱਚ ਕਲਾਕਾਰਾਂ ਨੇ ਜੀਵੰਤ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੋਹ ਲਿਆ ਅਤੇ ਰਾਮ ਵਾਟਿਕਾ ਤਾੜੀਆਂ ਨਾਲ ਗੂੰਜ ਉੱਠੀ। ਸਮਾਗਮ ਦੌਰਾਨ ਕਰਨਵੀਰ ਸਿੰਘ ਸਿਬੀਆ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ, ਜਦਕਿ ਗੁਰਪਿੰਦਰ ਸਿੰਘ ਸੰਧੂ ਨੇ ਅਗਵਾਈ ਕੀਤੀ। ਕਲਾ ਕੇਂਦਰ ਦੇ ਪ੍ਰਧਾਨ ਦਿਨੇਸ਼ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ।

