ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਤਿ ਦੀ ਗਰਮੀ ’ਚ ਭਵਾਨੀਗੜ੍ਹ ਇਲਾਕੇ ’ਚ ਝੋਨੇ ਦੀ ਲੁਆਈ ਸ਼ੁਰੂ

ਘਰਾਂ ਦੇ ਗੁਜ਼ਾਰੇ ਲਈ ਕਿਸਾਨ ਅਤੇ ਮਜ਼ਦੂਰ ਗਰਮੀ ਦੇ ਕਹਿਰ ਨਾਲ ਜੂਝਣ ਲਈ ਹੋਏ ਮਜਬੂਰ
ਪਿੰਡ ਫੱਗੂਵਾਲਾ ਵਿੱਚ ਗਰਮੀ ’ਚ ਝੋਨਾ ਲਾਉਂਦੇ ਹੋਏ ਮਜ਼ਦੂਰ।
Advertisement

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 11 ਜੂਨ

Advertisement

ਪਿਛਲੇ ਚਾਰ ਦਿਨਾਂ ਤੋਂ ਪੈ ਰਹੀ ਕੜਕਦੀ ਧੁੱਪ ਦੇ ਬਾਵਜੂਦ ਇਲਾਕੇ ਵਿੱਚ ਝੋਨਾ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਗਰਮੀ ਦਾ ਕਹਿਰ ਵਰਤ ਰਿਹਾ ਹੈ। ਅਤਿ ਦਰਜੇ ਦੀ ਗਰਮੀ ਤੋਂ ਬਚਣ ਲਈ ਡਾਕਟਰ ਆਮ ਲੋਕਾਂ ਨੂੰ ਦੁਪਹਿਰ ਸਮੇਂ ਬਾਹਰ ਨਿਕਲਣ ਦੀ ਥਾਂ ਘਰਾਂ ਵਿੱਚ ਰਹਿਣ ਲਈ ਸਲਾਹ ਦੇ ਰਹੇ ਹਨ, ਪਰ ਇਸ ਅਰਸੇ ਦੌਰਾਨ ਹੀ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ।

ਕਿਸਾਨਾਂ ਦੀ ਦਲੀਲ ਹੈ ਕਿ ਜੇਕਰ ਇਨ੍ਹਾਂ ਦਿਨਾਂ ਵਿੱਚ ਝੋਨਾ ਨਾ ਲਾਇਆ ਗਿਆ ਤਾਂ ਝੋਨੇ ਦੀ ਫ਼ਸਲ ਸਮੇਂ ਸਿਰ ਨਾ ਪੱਕਣ ਕਾਰਨ ਮੰਡੀਆਂ ਵਿੱਚ ਵੇਚਣ ਸਮੇਂ ਸਮੱਸਿਆ ਆ ਜਾਂਦੀ ਹੈ ਅਤੇ ਫ਼ਸਲ ਦਾ ਝਾੜ ਵੀ ਘਟ ਜਾਂਦਾ ਹੈ।

ਇਸੇ ਮਜਬੂਰੀਵੱਸ ਕਿਸਾਨਾਂ ਨੂੰ ਕਹਿਰ ਦੀ ਗਰਮੀ ਦੇ ਬਾਵਜੂਦ ਝੋਨਾ ਲਾਉਣਾ ਪੈ ਰਿਹਾ ਹੈ। ਉਪਰੋਂ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਮੋਟਰਾਂ ਦੇ ਪਾਣੀ ਨਾਲ ਖੇਤਾਂ ਵਿੱਚ ਪਾਣੀ ਲਾਉਣਾ ਪੈ ਰਿਹਾ ਹੈ। ਉਂਝ, ਰਜਵਾਹਿਆਂ ਵਿੱਚ ਪਾਣੀ ਛੱਡਣ ਕਾਰਨ ਕੁੱਝ ਹੱਦ ਤੱਕ ਰਾਹਤ ਜ਼ਰੂਰ ਮਿਲੀ ਹੈ।

ਇਸ ਦੌਰਾਨ ਪਿੰਡ ਫੱਗੂਵਾਲਾ, ਰੋਸ਼ਨ ਵਾਲਾ, ਕਾਕੜਾ ਅਤੇ ਭਵਾਨੀਗੜ੍ਹ ਦੇ ਖੇਤਾਂ ਵਿੱਚ ਝੋਨਾ ਲਗਾ ਰਹੇ ਮਜ਼ਦੂਰਾਂ ਦੀ ਵਿਥਿਆ ਵੀ ਇਹੀ ਬਿਆਨ ਕਰ ਰਹੀ ਸੀ ਕਿ ਭੱਠੀ ਦੇ ਸੇਕ ਵਾਂਗ ਤਪਦੀ ਗਰਮੀ ਵਿੱਚ ਭਾਵੇਂ ਉਨ੍ਹਾਂ ਦਾ ਚਿੱਤ ਵੀ ਆਰਾਮ ਕਰਨ ਨੂੰ ਕਹਿੰਦਾ ਹੈ, ਪਰ ਢਿੱਡ ਦੀ ਅੱਗ (ਭੁੱਖ) ਉਨ੍ਹਾਂ ਨੂੰ ਸੂਰਜ ਦੀ ਤਪਸ਼ ਅਤੇ ਖੇਤਾਂ ਦੇ ਗਰਮ ਪਾਣੀ ਵਿੱਚ ਝੋਨਾ ਲਾਉਣ ਲਈ ਮਜਬੂਰ ਕਰ ਰਹੀ ਹੈ। ਇਸੇ ਤਰ੍ਹਾਂ ਝੋਨੇ ਦੇ ਖੇਤਾਂ ਵਿੱਚ ਕਹੀਆਂ ਨਾਲ ਵੱਟਾਂ ਪਾ ਰਹੇ ਕਿਸਾਨ ਵੀ ਇਸੇ ਮਜਬੂਰੀ ਕਾਰਨ ਅੱਗ ਨਾਲ ਖੇਡਣ ਵਰਗਾ ਜ਼ੋਖ਼ਮ ਭਰਿਆ ਕੰਮ ਕਰ ਰਹੇ ਹਨ।

Advertisement