Lehra protest: ਕੌਂਸਲਰ ਖ਼ਿਲਾਫ਼ ਕੇਸ ਵਿਰੁੱਧ ਰੋਹ ਭਖਿਆ
ਕੈਬਨਿਟ ਮੰਤਰੀ ਤੇ ਕੌਂਸਲ ਪ੍ਰਧਾਨ ਦੇ ਪੁਤਲੇ ਫੂਕੇ; ਐੱਫ ਆਈ ਆਰਰੱਦ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦੀ ਚਿਤਾਵਨੀ
ਕੌਂਸਲਰ ਬਲਵਿੰਦਰ ਕੌਰ ਖ਼ਿਲਾਫ਼ ਦਰਜ ਕੇਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਲਹਿਰਾਗਾਗਾ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਦਰ ਵਾਲੇ ਮੇਨ ਚੌਕ ਵਿੱਚ ਦੋਵਾਂ ਦੇ ਪੁਤਲੇ ਫੂਕੇ ਅਤੇ ਤੁਰੰਤ ਕੇਸ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਘੱਗਰ ਬ੍ਰਾਂਚ ਨਹਿਰ ਦੇ ਪੁਲ ’ਤੇ ਇਕੱਠੇ ਹੋਏ, ਜਿੱਥੇ ਧਰਨਾ ਦੇਣ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੌਂਸਲਰ ਬਲਵਿੰਦਰ ਕੌਰ ਵੱਲੋਂ ਨਗਰ ਕੌਂਸਲ ਦੇ ਖਾਲੀ ਪੰਨਿਆਂ ’ਤੇ ਦਸਤਖ਼ਤ ਕਰਵਾਉਣ ਦੇ ਮਾਮਲੇ ਵਿੱਚ ਸਵਾਲ ਉਠਾਉਣ ਕਾਰਨ ਹੀ ਉਨ੍ਹਾਂ ਖ਼ਿਲਾਫ਼ ਬਦਲਾਖ਼ੋਰੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਮੌਕੇ ਕੌਂਸਲਰ ਬਲਵਿੰਦਰ ਕੌਰ ਨੇ ਕੈਬਨਿਟ ਮੰਤਰੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਲੋਕਾਂ ਨੇ ਡਰ ਆਪਣੇ ਮਨਾਂ ਵਿੱਚੋਂ ਕੱਢ ਦਿੱਤਾ ਹੈ। ਉਨ੍ਹਾਂ ਨਗਰ ਕੌਂਸਲ ਦੀ ਕਾਰਗੁਜ਼ਾਰੀ ਅਤੇ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤੀਆਂ ਸਬੰਧੀ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇਨ੍ਹਾਂ ਮਾਮਲਿਆਂ ਦਾ ਜਵਾਬ ਲੋਕ ਆਉਣ ਵਾਲੇ ਸਮੇਂ ਵਿੱਚ ਦੇਣਗੇ। ਉਨ੍ਹਾਂ ਕਿਹਾ ਕਿ ਕਥਿਤ ਧੱਕੇਸ਼ਾਹੀ ਅਤੇ ਜਬਰ ਦੇ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ ਅਤੇ ਇਸ ਦਾ ਜਵਾਬ ਲਹਿਰਾਗਾਗਾ ਹਲਕੇ ਦੇ ਲੋਕ ਇਕਜੁੱਟ ਹੋ ਕੇ ਦੇਣਗੇ। ਇਸ ਰੋਸ ਪ੍ਰਦਰਸ਼ਨ ਵਿੱਚ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਕਿਸਾਨ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੇਸ ਰੱਦ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।

