ਪਿੰਡ ਕਾਹਨਗੜ੍ਹ ਘਰਾਂਚੋਂ ਦੇ ਇੱਕ ਟਿਊਬਵੈੱਲ ’ਤੇ ਦੂਜਾ ਟਰਾਂਸਫਾਰਮਰ ਲਾਏ ਜਾਣ ਦਾ ਪਹਿਲੇ ਕੁਨੈਕਸ਼ਨ ਦੇ ਹਿੱਸੇਦਾਰਾਂ ਦੇ ਵਿਰੋਧ ਮਗਰੋਂ ਹੰਗਾਮਾ ਹੋ ਗਿਆ। ਮੌਕੇ ’ਤੇ ਪੁੱਜੇ ਪਾਵਰਕੌਮ ਦੇ ਉੱਚ ਅਧਿਅਕਾਰੀਆਂ ਨੇ ਮੁਲਾਜ਼ਮਾਂ ਨੂੰ ਨਵਾਂ ਟਰਾਂਸਫਾਰਮਰ ਉਤਾਰਨ ਅਤੇ ਖੰਬੇ ਪੁੱਟਣ ਦਾ ਹੁਕਮ ਦਿੱਤਾ ਹੈ।
ਸ਼ਿੰਦਰ ਕੌਰ ਵਾਸੀ ਕਾਹਨਗੜ੍ਹ ਘਰਾਂਚੋ ਨੇ ਦੱਸਿਆ ਕਿ ਉਨ੍ਹਾਂ ਦੇ ਵਡੇਰਿਆਂ ਦੇ ਨਾਮ ’ਤੇ ਟਿਊਬਵੈੱਲ ਕੁਨੈਕਸ਼ਨ ਚੱਲ ਰਿਹਾ ਹੈ, ਜਿਸ ਵਿਚ ਉਨ੍ਹਾਂ ਦੀ ਚੌਥਾ ਹਿੱਸਾ ਹੈ ਅਤੇ ਇੱਕ ਹੋਰ ਜ਼ਿਮੀਦਾਰ ਦੇ ਤਿੰਨ ਹਿੱਸੇ ਹਨ। ਉਹ ਹਿੱਸੇ ਮੁਤਾਬਕ ਟਿਊਬਵੈੱਲ ਦਾ ਪਾਣੀ ਵਾਰੀ ਆਉਣ ’ਤੇ ਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸਾਂਝੇ ਟਿਊਬਵੈੱਲ ’ਤੇ ਇੱਕ ਹੋਰ ਟਰਾਂਸਫਾਰਮਰ ਲਵਾਉਣ ਦਾ ਉਨ੍ਹਾਂ ਇਤਰਾਜ਼ ਕਰਦਿਆਂ ਪਾਵਰਕੌਮ ਦੇ ਐਕਸੀਅਨ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ ਨਵਾਂ ਟ੍ਰਾਂਸਫਾਰਮਰ ਨਹੀਂ ਰੱਖਾਂਗੇ। ਇਸ ਦੇ ਬਾਵਜੂਦ ਖੰਬੇ ਗੱਡ ਕੇ ਨਵਾਂ ਟ੍ਰਾਂਸਫਾਰਮਰ ਲਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਮਗਰੋਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ ਮੌਕਾ ਦੇਖ ਕੇ ਦੂਸਰਾ ਟਰਾਂਸਫਾਮਰ ਹਟਾਉਣ ਦੀ ਹਦਾਇਤ ਕੀਤੀ। ਨਵਾਂ ਟਰਾਂਸਫਾਰਮਰ ਲਗਵਾਉਣ ਵਾਲੀ ਧਿਰ ਵੱਲੋਂ ਗਮਦੂਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਕੁਨੈਕਸ਼ਨ ਆਪਣੇ ਲੜਕੇ ਜਰਨੈਲ ਸਿੰਘ ਦੇ ਨਾਮ ’ਤੇ ਖ਼ਰੀਦਿਆ ਹੈ ਤੇ ਆਪਣੀ ਜ਼ਮੀਨ ਵਿੱਚ ਖੰਬੇ ਗੱਡ ਕੇ ਲਾਏ ਗਏ ਟਰਾਂਸਫਾਮਰ ਤੋਂ ਥੋੜ੍ਹੀ ਦੂਰੀ ’ਤੇ ਹੋਰ ਟਿਊਬਵੈੱਲ ਚਲਾਉਣਾ ਸੀ, ਜਿਸ ਨੂੰ ਦੂਜੀ ਧਿਰ ਨੇ ਗ਼ਲਤ ਢੰਗ ਨਾਲ ਰੋਕਿਆ ਹੈ। ਪਾਵਰਕੌਮ ਪਾਤੜਾਂ ਦੇ ਐਕਸੀਅਨ ਇੰਦਰਜੀਤਪਾਲ ਸਿੰਘ ਅਤੇ ਐਨਫੋਰਸਮੈਂਟ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕਿਸਾਨ ਨੇ ਆਪਣੇ ਤੌਰ ’ਤੇ ਪਹਿਲਾਂ ਚੱਲ ਰਹੇ ਕੁਨੈਕਸ਼ਨ ਨੇੜੇ ਨਵਾਂ ਟ੍ਰਾਂਸਫਾਰਮਰ ਲਾਇਆ ਹੈ, ਜੋ ਹੁਣ ਉਤਾਰਨ ਹਦਾਇਤ ਕੀਤੀ ਹੈ।

