ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਅਗਸਤ
ਨੇੜਲੇ ਪਿੰਡ ਲਹਿਲ ਖੁਰਦ ਵਿੱਚ ਅੱਜ ਬਿਜਲੀ ਵਿਭਾਗ ਵੱਲੋਂ ਪਿੰਡ ਦੇ ਤਿੰਨ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਗਵਾਏ ਗਏ। ਇਸ ਦੀ ਇਤਲਾਹ ਮਿਲਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੇ ਮੈਂਬਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਉਨ੍ਹਾਂ ਚਿੱਪ ਵਾਲੇ ਮੀਟਰਾਂ ਨੂੰ ਪੁੱਟ ਕੇ ਮਹਿਕਮੇ ਦੇ ਐੱਸਡੀਓ ਗੁਰਸੇਵਕ ਸਿੰਘ ਕੋਲ ਜਮ੍ਹਾਂ ਕਰਵਾਏ। ਪਿੰਡ ਇਕਾਈ ਦੇ ਪ੍ਰਧਾਨ ਜਗਦੀਪ ਸਿੰਘ ਅਤੇ ਬਲਾਕ ਆਗੂ ਹਰਸੇਵਕ ਸਿੰਘ ਲਹਿਲ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਵਾਸੀਆਂ ਵੱਲੋਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਦਾ ਚਾਰ ਘੰਟੇ ਘਿਰਾਓ ਕੀਤਾ ਗਿਆ ਸੀ ਜਿਸ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਕਦੇ ਵੀ ਪਿੰਡ ਦੇ ਕਿਸੇ ਵੀ ਘਰ ਵਿੱਚ ਚਿੱਪ ਵਾਲੇ ਮੀਟਰ ਨਹੀਂ ਲਗਾਉਣਗੇ ਪ੍ਰੰਤੂ ਆਪਣੇ ਵਾਅਦੇ ਤੋਂ ਮੁਕਰ ਕੇ ਇਹ ਮੀਟਰ ਲਗਾਏ ਗਏ ਅਤੇ ਲੋਕਾਂ ਨਾਲ਼ ਵਿਸ਼ਵਾਸਘਾਤ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਕਦੇ ਵੀ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ। ਜੇਕਰ ਬਿਜਲੀ ਮਹਿਕਮਾ ਇਨ੍ਹਾਂ ਕਾਰਵਾਈਆਂ ਤੋਂ ਬਾਜ਼ ਨਹੀਂ ਆਉਂਦਾ ਤਾਂ ਉਸ ਖਿਲਾਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।