ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਅਪਰੈਲ
ਲਹਿਰਾਗਾਗਾ ਇਲਾਕੇ ਦੇ ਪਿੰਡਾਂ ਜਲੂਰ ਅਤੇ ਢੀਂਡਸਾ ਅਤੇ ਰਾਮਪੁਰਾ ਜਵਾਹਰਵਾਲਾ ਦੀ 100 ਏਕੜ ਤੋਂ ਵੱਧ ਪੱਕੀ ਫਸਲ ਅੱਗ ਦੀ ਭੇਟ ਚੜ੍ਹ ਗਈ ਤੇ ਉਸ ਦੇ ਸਾਰੇ ਨੁਕਸਾਨ ਦੀ ਪੂਰਤੀ ਸਰਕਾਰ ਤੁਰੰਤ ਕਰੇ ਅਤੇ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕੀਤਾ ਜਾਵੇ। ਇਹ ਮੰਗ ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਲਗਾਤਾਰ 193ਵੇਂ ਦਿਨ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤੀ। ਧਰਨੇ ਨੂੰ ਕਿਸਾਨ ਆਗੂ ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ, ਹਰਜਿੰਦਰ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਰਾਮਚੰਦ ਸਿੰਘ ਚੋਟੀਆਂ, ਜਸ਼ਨਦੀਪ ਕੌਰ ਪਿਸ਼ੌਰ, ਬਲਜੀਤ ਕੌਰ ਲਹਿਲ ਕਲਾਂ, ਕਰਮਜੀਤ ਕੌਰ ਭੁਟਾਲ ਕਲਾਂ ਨੇ ਕਿਹਾ ਕਿ ਜਥੇਬੰਦੀ ਦਲਿਤ ਮਜ਼ਦੂਰਾਂ ਨਾਲ ਹੈ ਅਤੇ ਹਰ ਹੀਲੇ ਸਰਕਾਰ ਤੋਂ ਮੁਆਵਜ਼ਾ ਦਿਵਾਏਗੀ।