ਦੂਜੇ ਦਿਨ ਵੀ ਮਨਿਸਟੀਰੀਅਲ ਸਟਾਫ਼ ਵੱਲੋਂ ਦਫ਼ਤਰੀ ਕੰਮ ਠੱਪ

ਦੂਜੇ ਦਿਨ ਵੀ ਮਨਿਸਟੀਰੀਅਲ ਸਟਾਫ਼ ਵੱਲੋਂ ਦਫ਼ਤਰੀ ਕੰਮ ਠੱਪ

ਪੱਤਰ ਪ੍ਰੇਰਕ
ਸੰਗਰੂਰ, 7 ਅਗਸਤ

ਜ਼ਿਲ੍ਹਾ ਸੰਗਰੂਰ ਪੀਐੱਸਐੱਮਐੱਸਯੂ ਵੱਲੋਂ ਅੱਜ ਕਲਮਛੋੜ ਹੜਤਾਲ ਦੇ ਦੂਜੇ ਦਿਨ ਜ਼ਿਲ੍ਹਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਤੇ ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਦੀ ਅਗਵਾਈ ’ਚ ਵੱਖ ਵੱਖ ਦਫ਼ਤਰਾਂ ’ਚ ਟੀਮਾਂ ਬਣਾ ਕੇ ਦੌਰਾ ਕੀਤਾ ਗਿਆ। ਜਥੇਬੰਦੀ ਨੂੰ ਉਦੋਂ ਪੂਰਾ ਬਲ ਮਿਲਿਆ ਜਦੋਂ ਡੀਸੀ ਦਫ਼ਤਰ, ਐੱਸਡੀਐੱਮ ਦਫਤਰ, ਡੀਟੀਓ ਦਫ਼ਤਰ, ਸਹਿਕਾਰਤਾ ਵਿਭਾਗ, ਆਯੂਰਵੈਦਿਕ ਵਿਭਾਗ, ਇਰੀਗੇਸ਼ਨ ਵਿਭਾਗ, ਮੰਡੀ ਬੋਰਡ, ਬੀਡੀਪੀਓ ਦਫਤਰ, ਐਕਸਾਈਜ਼ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਬੀਐਂਡਆਰ ਵਿਭਾਗ, ਹੈਲਥ ਵਿਭਾਗ ਤੇ ਖੇਤੀਬਾੜੀ ਵਿਭਾਗ ਦਾ ਦੌਰਾ ਕਰਨ ’ਤੇ ਕੰਮ ਨੂੰ ਮੁਕੰਮਲ ਬੰਦ ਪਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਜ਼ਿਲ੍ਹਾ ਵਿੱਤ ਸਕੱਤਰ ਨਵੀਨ ਪ੍ਰਾਸ਼ਰ, ਜ਼ਿਲ੍ਹਾ ਪ੍ਰੈੱਸ ਸਕੱਤਰ ਅਨੁਜ ਸ਼ਰਮਾ, ਚੇਅਰਮੈਨ ਰਾਕੇਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਪੂਨੀਆ, ਸੀਨੀਅਰ ਮੀਤ ਪ੍ਰਧਾਨ ਮਾਲਵਿੰਦਰ ਸਿੰਘ ਤੇ ਸੀਨੀਅਰ ਆਗੂ ਸ਼ੇਰ ਸਿੰਘ ਆਦਿ ਵੱਲੋਂ ਟੀਮਾਂ ਬਣਾ ਕੇ ਦਫ਼ਤਰਾਂ ’ਚ ਰਾਬਤਾ ਕਾਇਮ ਕੀਤਾ ਗਿਆ।

ਰਾਜਪੁਰਾ (ਪੱਤਰ ਪ੍ਰੇਰਕ) ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਵੱਲੋਂ ਦਿੱਤੇ ਗਏ ਸੱਦੇ ’ਤੇ ਇੱਥੋਂ ਦੇ ਵੱਖ ਵੱਖ ਸਰਕਾਰੀ ਦਫਤਰਾਂ ’ਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਅੱਜ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਲਮ ਛੋੜ ਹੜਤਾਲ ਕਾਰਨ ਵੱਖ ਵੱਖ ਵਿਭਾਗਾਂ ਦੇ ਦਫਤਰਾਂ ’ਚ ਕੰਮਕਾਰ ਕਰਵਾਉਣ ਆਏ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇੱਥੋਂ ਦੇ ਮਿੰਨੀ ਸਕੱਤਰੇਤ ਵਿੱਚ ਮੁਲਾਜ਼ਮਾਂ ਵੱਲੋਂ ਮੁਹੰਮਦ ਹਨੀਫ, ਹਰਵਿੰਦਰ ਕੌਰ, ਗੁਰਜੰਟ ਸਿੰਘ ਦੀ ਅਗਵਾਈ ’ਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐੱਸਡੀਐਮ ਦਫਤਰ, ਸਿਵਲ ਹਸਪਤਾਲ ਰਾਜਪੁਰਾ, ਤਹਿਸੀਲ ਦਫਤਰ, ਸਹਿਕਾਰਤਾ ਵਿਭਾਗ ਦਫਤਰ, ਬੀਡੀਪੀਓ ਦਫ਼ਤਰ ਰਾਜਪੁਰਾ, ਬੀਡੀਪੀਓ ਦਫਤਰ ਸ਼ੰਭੂ ਕਲਾਂ, ਮਾਰਕੀਟ ਕਮੇਟੀ ਦਫਤਰ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰੀ ਅਮਲੇ ਨੇ ਕਲਮ ਛੋੜ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਵਿੱਚ ਭਾਗ ਲਿਆ। ਮੁਲਾਜ਼ਮ ਮੰਗ ਕਰ ਰਹੇ ਸਨ ਕਿ 1 ਜਨਵਰੀ 2016 ਤੋਂ ਛੇਵਾਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਦੀ ਦੀ ਬਹਾਲੀ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਵੱਖ ਵੱਖ ਸਰਕਾਰੀ ਵਿਭਾਗਾਂ ’ਚ ਖਾਲੀ ਅਸਾਮੀਆਂ ਭਰੀਆ ਜਾਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All