...ਤੇ ਘਨੌਰੀ ਕਲਾਂ ਦੀ ਬਿਰਧ ਔਰਤ ਦੇ ਦਰਾਂ ’ਤੇ ਪਹੁੰਚੇ ਅਧਿਕਾਰੀ : The Tribune India

ਖ਼ਬਰ ਦਾ ਅਸਰ

...ਤੇ ਘਨੌਰੀ ਕਲਾਂ ਦੀ ਬਿਰਧ ਔਰਤ ਦੇ ਦਰਾਂ ’ਤੇ ਪਹੁੰਚੇ ਅਧਿਕਾਰੀ

...ਤੇ ਘਨੌਰੀ ਕਲਾਂ ਦੀ ਬਿਰਧ ਔਰਤ ਦੇ ਦਰਾਂ ’ਤੇ ਪਹੁੰਚੇ ਅਧਿਕਾਰੀ

ਬਿਰਧ ਸ਼ਿਮਲਾ ਦੇਵੀ ਨਾਲ ਗੱਲਬਾਤ ਕਰਦੇ ਹੋਏ ਤਹਿਸੀਲਦਾਰ ਕੁਲਦੀਪ ਸਿੰਘ ਤੇ ਹੋਰ।

ਬੀਰਬਲ ਰਿਸ਼ੀ
ਸ਼ੇਰਪੁਰ, 9 ਦਸੰਬਰ

ਘਨੌਰੀ ਕਲਾਂ ਦੀ ਗੂੰਗੀ, ਬਹਿਰੀ ਤੇ ਨਿਆਸਰੀ ਔਰਤ ਦੀ ਦਰਦ ਭਰੀ ਦਾਸਤਾਨ ‘ਪੰਜਾਬੀ ਟ੍ਰਿਬਿਊਨ’ ਵੱਲੋਂ ਲੰਘੇ 13 ਤੇ 14 ਨਵੰਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਮਗਰੋਂ ਆਖਰ ਬਜ਼ੁਰਗ ਮਾਈ ਦੀ ਸੁਣੀ ਗਈ। ਅੱਜ ਤਹਿਸੀਲਦਾਰ ਕੁਲਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਮੁੜ ਬਜ਼ੁਰਗ ਔਰਤ ਦੇ ਤਿਆਰ ਹੋ ਰਹੇ ਬਾਥਰੂਮ ਦਾ ਨਿਰੀਖ਼ਣ ਕੀਤਾ। ਯਾਦ ਰਹੇ ਕਿ ਅਖ਼ਬਾਰ ’ਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਵੱਲੋਂ ਤਹਿਸੀਲਦਾਰ ਤੋਂ ਪੂਰੀ ਰਿਪੋਰਟ ਮੰਗੀ ਗਈ ਸੀ ਉੱਥੇ ਵੱਖਰੇ ਤੌਰ ’ਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਤਹਿਸੀਲਦਾਰ ਨੂੰ ਪੂਰੇ ਵੇਰਵੇ ਦੇਣ ਦੇ ਨਿਰਦੇਸ਼ ਦਿੱਤੇ ਸਨ।

ਜਾਣਕਾਰੀ ਅਨੁਸਾਾਰ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਲੰਘੇ 14 ਨਵੰਬਰ ਨੂੰ ਤਹਿਸੀਲਦਾਰ ਕੁਲਦੀਪ ਸਿਸੰਘ ਪਿੰਡ ਘਨੌਰੀ ਕਲਾਂ ਦੀ ਬਜ਼ੁਰਗ ਔਰਤ ਸ਼ਿਮਲਾ ਦੇਵੀ ਪਤਨੀ ਮਰਹੂਮ ਸ਼ਿਵਜੀ ਰਾਮ ਦੇ ਘਰ ਪੁੱਜੇ ਸਨ ਜਿੱਥੇ ਘਰ ਦੀ ਢਹੀ ਛੱਤ, ਪਾਣੀ, ਪਖਾਨੇ ਤੇ ਹੋਰ ਮੁਢਲੀਆਂ ਸਹੂਲਤਾਂ ਦੇ ਪ੍ਰਬੰਧ ਨਾ ਹੋਣ ਕਾਰਨ ਭਾਵੁਕ ਹੁੰਦਿਆਂ ਨਿੱਜੀ ਤੌਰ ’ਤੇ ਪੰਜ ਹਜ਼ਾਰ ਰੁਪਏ ਦਿੱਤੇ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੀ ਕਾਰਵਾਈ ਆਰੰਭੀ। ਸਮਾਜ ਸੇਵੀ ਜਰਨੈਲ ਸਿੰਘ ਭੱਠੇਵਾਲਾ ਨੇ ਅੱਗੇ ਆਉਂਦਿਆਂ ਮਿਸਤਰੀਆਂ, ਇੱਟਾਂ ਤੇ ਲੋੜੀਂਦੀਆਂ ਹੋਰ ਵਸਤਾਂ ਦਾ ਖੁਦ ਇੰਤਜ਼ਾਮ ਕਰਕੇ ਕੰਮ ਸ਼ੁਰੂ ਕਰਵਾਇਆ।

ਅੱਜ ਤਹਿਸੀਲਦਾਰ ਕੁਲਦੀਪ ਸਿੰਘ ਨੇ ਆਪਣੇ ਵੱਲੋਂ ਦੂਜੀ ਵਾਰ ਪੰਜ ਹਜ਼ਾਰ ਦੀ ਰਾਸ਼ੀ ਬਜ਼ੁਰਗ ਔਰਤ ਨੂੰ ਸੌਂਪੀ ਅਤੇ ਦੱਸਿਆ ਕਿ ਇਸ ਬਜ਼ੁਰਗ ਵਿਧਵਾ ਮਾਈ ਦੇ ਕੇਸ ਵਿੱਚ ਮੁੱਖ ਮੰਤਰੀ ਦੇ ਓਐਸਡੀ ਓਂਕਾਰ ਸਿੰਘ ਤੇ ਡਿਪਟੀ ਕਮਿਸ਼ਨਰ ਸੰਗਰੂਰ ਨਿੱਜੀ ਦਿਲਚਸਪੀ ਲੈ ਰਹੇ ਹਨ ਜਿਸ ਕਰਕੇ ਰੈੱਡ ਕਰਾਸ ਵਿੱਚੋਂ ਉਸ ਦੇ ਘਰ ਦੀਆਂ ਛੱਤਾਂ ਲਈ ਰਾਸ਼ੀ ਛੇਤੀ ਪਾਸ ਹੋਣ ਦੀ ਸੰਭਾਵਨਾ ਹੈ।

ਤਹਿਸੀਲਦਾਰ ਨੇ ਖਾਸ ਤੌਰ ਸਮਾਜ ਸੇਵੀ ਜਰਨੈਲ ਸਿੰਘ ਭੱਠੇਵਾਲਾ ਦੇ ਉੱਦਮ ਦੀ ਸ਼ਲਾਘਾ ਕਰਦਿਆਂ ‘ਪੰਜਾਬੀ ਟ੍ਰਿਬਿਊਨ’ ਵੱਲੋਂ ਗਰੀਬ ਔਰਤ ਦੀ ਸਮੱਸਿਆ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਧੰਨਵਾਦ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All