ਦਫ਼ਤਰੀ ਮੁਲਾਜ਼ਮਾਂ ਦੀ ਕਲਮਛੋੜ ਸ਼ੁਰੂ, ਸਮੁੱਚਾ ਕੰਮਕਾਜ ਠੱਪ

ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਅਮਲੇ ਵੱਲੋਂ ਡੀਸੀ ਕੰਪਲੈਕਸ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਦਫ਼ਤਰੀ ਮੁਲਾਜ਼ਮਾਂ ਦੀ ਕਲਮਛੋੜ ਸ਼ੁਰੂ, ਸਮੁੱਚਾ ਕੰਮਕਾਜ ਠੱਪ

ਸੰਗਰੂਰ ’ਚ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਮੁਲਾਜ਼ਮ ਕਲਮਛੋੜ ਹੜਤਾਲ ਕਰਨ ਮਗਰੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ।

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਗਸਤ

ਪੰਜਾਬ ਸਟੇਟ ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਕਰਮਚਾਰੀਆਂ ਨੇ ਅੱਜ ਤੋਂ 14 ਅਗਸਤ ਤੱਕ ਕਲਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਸਮੂਹ ਵਿਭਾਗਾਂ ਦਾ ਦਫ਼ਤਰੀ ਕੰਮਕਾਜ ਠੱਪ ਹੋ ਗਿਆ ਹੈ। ਮਨਿਸਟੀਰੀਅਲ ਮੁਲਾਜ਼ਮ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਅਤੇ ਮੰਗਾਂ ਦਾ ਹੱਲ ਨਾ ਕਰਨ ਤੋਂ ਖਫ਼ਾ ਹਨ। ਕਲਮਛੋੜ ਹੜਤਾਲ ’ਤੇ ਗਏ ਮਨਿਸਟੀਰੀਅਲ ਮੁਲਾਜ਼ਮਾਂ ਵੱਲੋਂ ਇੱਥੇ ਡੀਸੀ ਕੰਪਲੈਕਸ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪੰਜਾਬ ਸਟੇਟ ਮਨਿਸਟੀਰੀਅਲ ਸਟਾਫ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਮੌਕੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੇਅ ਕਮਿਸ਼ਨ ਦੀ ਰਿਪੋਰਟ 9 ਮਹੀਨੇ ਦੇ ਅੰਦਰ-ਅੰਦਰ ਲਾਗੂ ਕਰ ਦਿਆਂਗੇ ਪਰ ਅੱਜ ਸਵਾ ਤਿੰਨ ਸਾਲ ਦਾ ਸਮਾਂ ਬੀਤ ਜਾਣ ਮਗਰੋਂ ਵੀ ਮੁਲਾਜ਼ਮ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਪੰਜਾਬ ਦੇ ਵਿੱਤ ਮੰਤਰੀ ਮੁਲਾਜ਼ਮ ਮਾਰੂ ਨੀਤੀਆਂ ਲਾਗੂ ਕਰਨ ’ਤੇ ਤੁਲੇ ਹੋਏ ਹਨ, ਜਿਸ ਦੇ ਮਾੜੇ ਨਤੀਜੇ ਵਜੋਂ 17 ਜੁਲਾਈ ਨੂੰ ਲਾਗੂ ਕੀਤੇ ਨੋਟੀਫਿਕੇਸ਼ਨ ਅਨੁਸਾਰ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰ ਦੇ ਪੈਟਰਨ ’ਤੇ ਤਨਖਾ਼ਹ ਸਕੇਲ ਲਾਗੂ ਕਰਨ ਦਾ ਮਾੜਾ ਫ਼ੈਸਲਾ ਕੀਤਾ ਗਿਆ ਹੈ ਅਤੇ ਡੀ.ਏ. ਦੀਆਂ ਬਕਾਇਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ, ਪੇਅ ਕਮਿਸ਼ਨ ਦੀ ਰਿਪੋਰਟ 2011 ਦੇ ਸਕੇਲਾਂ ਨੂੰ ਆਧਾਰ ਮੰਨ ਕੇ ਲਾਗੂ ਨਹੀਂ ਕੀਤੀ ਜਾ ਰਹੀ। ਇਨ੍ਹਾਂ ਮੁੱਖ ਮੰਗਾਂ ਕਾਰਨ ਹੀ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਨਾਲ ਮਿਲ ਕੇ ਪੂਰੇ ਪੰਜਾਬ ਅਤੇ ਯੂਟੀ ਵਿਚ ਦਫ਼ਤਰੀ ਅਮਲੇ ਵੱਲੋਂ 6 ਤੋਂ 14 ਅਗਸਤ ਤੱਕ ਮੁਕੰਮਲ ਕਲਮਛੋੜ ਹੜਤਾਲ ਦਾ ਫੈਸਲਾ ਲਿਆ ਸੀ। ਇਸੇ ਤਹਿਤ ਅੱਜ ਤੋਂ ਸਮੁੱਚੇ ਦਫ਼ਤਰੀ ਕਰਮਚਾਰੀ ਕਲਮਛੋੜ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ 18 ਅਗਸਤ ਨੂੰ ਮੁਲਾਜ਼ਮਾਂ ਵਲੋਂ ਆਪੋ ਆਪਣੇ ਦਫ਼ਤਰਾਂ ਵਿਚੋਂ ਵਾਕਆਊਟ ਕਰਨ ਦਾ ਫੈਸਲਾ ਲਿਆ ਹੈ।

ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਿੱਤੇ ਗਏ ਸੱਦੇ ’ਤੇ ਮਨਿਸਟਰੀਅਲ ਸਟਾਫ ਦੀਆਂ ਭਖਦੀਆਂ ਮੰਗਾਂ ਸਬੰਧੀ ਇੱਥੋਂ ਦੇ ਮਿੰਨੀ ਸਕੱਤਰੇਤ ਵਿੱਚ ਸਮੂਹ ਮੁਲਾਜਮਾਂ ਵੱਲੋਂ ਯੂਨੀਅਨ ਆਗੂਆਂ ਦਰਸ਼ਨ ਸਿੰਘ ਬੁੱਢਣਪੁਰ, ਮੁਹੰਮਦ ਹਨੀਫ, ਹਰਵਿੰਦਰ ਕੌਰ, ਰਵਿੰਦਰ ਕੁਮਾਰ, ਮੀਨੂ ਖੰਨਾ, ਗੁਰਜੰਟ ਸਿੰਘ, ਗੁਰਮੁੱਖ ਸਿੰਘ, ਰਣਧੀਰ ਸਿੰਘ ਅਤੇ ਹੋਰਨਾਂ ਆਗੂਆਂ ਦੀ ਸਾਂਝੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਅੱਜ ਤੋਂ 14 ਅਗਸਤ ਤੱਕ ਕਲਮ ਛੋੜ ਹੜਤਾਲ ਕੀਤੇ ਜਾਣ ਦਾ ਐਲਾਨ ਕੀਤਾ ਗਿਆ।

ਹੜਤਾਲ ਕਾਰਨ ਇੱਥੋਂ ਦੇ ਐੱਸ.ਡੀ.ਐੱਮ ਅਤੇ ਤਹਿਸੀਲ ਦਫਤਰਾਂ ਵਿੱਚ ਆਪੋ ਆਪਣਾ ਕੰਮਕਾਜ ਕਰਵਾਉਣ ਆਏ ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All