ਪਟਿਆਲਾ ਵਿੱਚ ਨਰਸਿੰਗ ਅਮਲੇ ਵੱਲੋਂ ਮੱਝ ਮੂਹਰੇ ਬੀਨ ਵਜਾ ਕੇ ਪ੍ਰਦਰਸ਼ਨ
ਕੰਮ ਦਾ ਮੁਕੰਮਲ ਬਾਈਕਾਟ; ਸਰਕਾਰ ਨੂੰ ਲਾਹਨਤਾਂ ਪਾਈਆਂ
ਗਰੇਡ ਪੇਅ ਦੀ ਬਹਾਲੀ ਲਈ ਯੂਨਾਈਨਿਡ ਨਰਸਿੰਗ ਸਟਾਫ ਐਸੋਸੀਏਸ਼ਨ ਵੱਲੋਂ ਸੂਬਾਈ ਪ੍ਰਧਾਨ ਰਮਨਦੀਪ ਗਿੱਲ ਦੀ ਅਗਵਾਈ ਹੇਠ ਪਟਿਆਲਾ ਸਮੇਤ ਅੰਮ੍ਰਿਤਸਰ ਅਤੇ ਮੁਹਾਲੀ ਸਥਿਤ ਗੌਰਮਿੰਟ ਮੈਡੀਕਲ ਕਾਲਜਾਂ ’ਚ ਕੀਤੀ ਜਾ ਰਹੀ ਸੂਬਾਈ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ। ਕੰਮ ਦਾ ਮੁਕੰਮਲ ਬਾਈਕਾਟ ਕਰਦਿਆਂ ਉਨ੍ਹਾਂ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਿੱਤੇ ਧਰਨੇ ਦੌਰਾਨ ਪੋਸਟਰ ਰੂਪੀ ਮੱਝ ਦੇ ਮੂਹਰੇ ਅੱਗੇ ਬੀਨ ਵਜਾਉਂਦਿਆਂ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਨੂੰ ਖੂਬ ਲਾਹਨਤਾਂ ਪਾਈਆਂ।
ਬੁਲਾਰਿਆਂ ਦਾ ਕਹਿਣਾ ਸੀ ਕਿ ਲੰਮੇ ਸਮੇਂ ਤੋਂ ਲਟਕ ਰਹੀਆਂ ਉਨ੍ਹਾਂ ਦੀਆਂ ਮੰਗਾਂ ਅਤੇ ਹੋਰ ਮੁੱਦਿਆਂ ਦੇ ਹੱਲ ਲਈ ਸਰਕਾਰ ਉੱਕਾ ਹੀ ਸੁਹਿਰਦ ਨਹੀਂ ਹੈ। ਇਸ ਕਰ ਕੇ ਹੀ ਉਨ੍ਹਾਂ ਨੂੰ ਇਸ ਕਦਰ ਸੜਕਾਂ ’ਤੇ ਨਿਕਲਣਾ ਪਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਹੜਤਾਲੀ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਹਲੂਣਾ ਦੇਣ ਲਈ ਥਾਲੀਆਂ ਵਜਾ ਕੇ ਵੀ ਪ੍ਰਦਰਸ਼ਨ ਕੀਤਾ ਸੀ।
ਪ੍ਰਧਾਨ ਰਮਨਦੀਪ ਗਿੱਲ ਦਾ ਕਹਿਣਾ ਸੀ ਕਿ ਉਹ ਮੰਗਾਂ ਦੀ ਪੂਰਤੀ ਤਕ ਆਪਣਾ ਇਹ ਸੰਘਰਸ਼ ਜਾਰੀ ਰੱਖਣਗੇ। ਇਸੇ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਪ੍ਰਧਾਨ ਹਰਭਜਨ ਸਿੰਘ ਬੁੱਟਰ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਵੀ ਅੱਜ ਇਸ ਧਰਨੇ ’ਚ ਪੁੱਜ ਕੇ ਨਰਸਿੰਗ ਸਟਾਫ ਦੇ ਸੰਘਰਸ਼ ਨੂੰ ਹਮਾਇਤ ਦਿੱਤੀ।

