ਆੜ੍ਹਤੀ ਨਹੀਂ, ਸਗੋਂ ਮੋਦੀ ਕਰ ਰਿਹੈ ਅਮੀਰਾਂ ਦੀ ਵਿਚੋਲਗੀ: ਅਰੋੜਾ

ਆੜ੍ਹਤੀ ਨਹੀਂ, ਸਗੋਂ ਮੋਦੀ ਕਰ ਰਿਹੈ ਅਮੀਰਾਂ ਦੀ ਵਿਚੋਲਗੀ: ਅਰੋੜਾ

ਸੁਨਾਮ ਵਿੱਚ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ

ਮੋਦੀ ਸਰਕਾਰ ਵੱਲੋਂ ਖੇਤੀਬਾੜੀ ਨੂੰ ਲੈਕੇ ਪਾਸ ਕੀਤੇ ਬਿੱਲਾਂ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਵਿੱਚ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ’ਚ ਹੋਏ ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਵਪਾਰੀਆਂ ਨੇ ਭਾਗ ਲਿਆ। 

ਸ਼੍ਰੀ ਅਰੋੜਾ ਵੱਲੋਂ ਨਰਿੰਦਰ ਮੋਦੀ ਦੇ ਪੁਤਲੇ ਨੂੰ ਟਰੈਕਟਰ ਪਿੱਛੇ ਘਸੀਟਦਿਆਂ ਇਹ ਰੋਸ ਮੁਜ਼ਾਹਰਾ ਨਵੀਂ ਅਨਾਜ ਮੰਡੀਂ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਸ਼ਮਸ਼ਾਨ ਭੂਮੀ ਪਹੁੰਚਿਆ ਜਿਥੇ ਨਰਿੰਦਰ ਮੋਦੀ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਮਨ ਅਰੋੜਾ ਨੇ ਮੋਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕਿਸਾਨੀ ਦੇ ਬੈਂਕ ਵਜੋ ਜਾਣੇ ਜਾਂਦੇ ਆੜ੍ਹਤੀਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਵਿਚੋਲੇ ਕਿਹਾ ਜਾਣਾ ਸ਼ਰਮਨਾਕ ਹੈ ਤੇ ਪ੍ਰਧਾਨ ਮੰਤਰੀ ਖੁਦ ਵੱਡੇ ਕਾਰਪੋਰੇਟ ਘਰਾਣਿਆਂ ਦੀ ਵਿਚੋਲਗੀ ਕਰ ਰਹੇ ਹਨ ਤੇ ਦੇਸ਼ ਨੂੰ ਇਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਧੱਕ ਰਹੇ ਹਨ। ਉਨ੍ਹਾਂ ਕਿਹਾ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਦਾਅਵੇ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਕੁਝ ਵੱਡੇ ਘਰਾਣਿਆਂ ਦੇ ਹੱਥ ਠੋਕਾ ਬਣ ਕੇ ਕਿਸਾਨਾਂ ਦੀ ਆਮਦਨ ਨੂੰ ਖਤਮ ਕਰਨ ਤੇ ਤੁਲੀ ਹੈ। 

ਲਹਿਲ ਕਲਾਂ ਦੀ ਪੰਚਾਇਤ ਨੇ ਕਿਸਾਨਾਂ ਦੇ ਹੱਕ ’ਚ ਮਤੇ ਪਾਏ

ਲਹਿਰਾਗਾਗਾ (ਪੱਤਰ ਪ੍ਰੇਰਕ)  ਪਿੰਡ ਲਹਿਲ ਕਲਾਂ ’ਚ  ਅੱਜ  ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਤੇ ਸਮੂਹ ਗ੍ਰਾਮ ਪੰਚਾਇਤ ਨੇ ਪਿੰਡ ਦੇ ਬੁੱਧੀਜੀਵੀ ਲੋਕਾਂ ਦਾ ਭਾਰੀ ਇਕੱਠ ਕਰਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਭਰੇ ਇਕੱਠ ਵਿੱਚ ਖੇਤੀ ਬਿੱਲਾਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ।  ਇਸ ਮੌਕੇ ਜਸਵਿੰਦਰ ਸਿੰਘ ਨੇ ਕਿਹਾ ਕਿ ਜੋ  ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਖੇਤੀ ਬਿੱਲ ਤਿੰਨ ਆਰਡੀਨੈਂਸ ਪਾਸ ਕੀਤੇ ਹਨ  ਉਨ੍ਹਾਂ  ਨਾਲ ਕਿਸਾਨਾਂ  ’ਤੇ ਬਹੁਤ ਮਾਰੂ ਅਸਰ ਪਵੇਗਾ। ਇਸ ਨਾਲ ਇਕੱਲੇ ਕਿਸਾਨ ਹੀ ਨਹੀਂ ਆੜ੍ਹਤ, ਮਜ਼ਦੂਰ, ਟਰਾਂਸਪੋਰਟ, ਸਭ ਖੇਤੀ ਬਿੱਲਾਂ ਦੀ ਲਪੇਟ ਵਿੱਚ ਆ ਜਾਣਗੇ।  ਉਨ੍ਹਾਂ ਕਿਹਾ ਕਿ  ਲੋਕਾਂ ਕੋਲ ਇਕੱਠੇ ਹੋ ਕੇ ਇਨ੍ਹਾਂ ਖੇਤੀ ਬਿੱਲਾਂ ਦਾ ਵਿਰੋਧ ਕਰਨ ਦਾ ਸਮਾਂ ਹੈ। ਇਸ ਮੌਕੇ ਪੰਚਾਇਤ ਨੇ ਤਿੰਨਾਂ ਬਿੱਲਾਂ ਦੇ ਖ਼ਿਲਾਫ਼ ਮਤਾ ਪਾ ਕੇ ਸਰਕਾਰ ਦੇ ਨੁਮਾਇੰਦਿਆਂ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਤੇ ਮੰਗ ਕੀਤੀ ਕਿ ਤਿੰਨੇ ਹੀ ਬਿੱਲ ਵਾਪਸ ਕੀਤੇ ਜਾਣ ਤਾਂ ਜੋ ਕਿਸਾਨ, ਮਜ਼ਦੂਰ, ਟਰਾਂਸਪੋਰਟ, ਆੜ੍ਹਤੀ ਇਸ ਦੀ ਲਪੇਟ ਤੋਂ ਬਚ ਸਕਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All