ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਕਰੀਦ ਤੋਂ ਪਹਿਲਾਂ ਲੱਗੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਬੱਕਰਾ ਮੰਡੀ

ਪੰਜ ਹਜ਼ਾਰ ਤੋਂ ਦੋ ਲੱਖ ਦੀ ਕੀਮਤ ਵਾਲੇ ਬੱਕਰੇ ਲੈ ਕੇ ਪੁੱਜੇ ਪਸ਼ੂ ਪਾਲਕ
ਮਾਲੇਰਕੋਟਲਾ ’ਚ ਲੱਗੀ ਬੱਕਰਾ ਮੰਡੀ।
Advertisement

ਪਰਮਜੀਤ ਸਿੰਘ ਕੁਠਾਲਾ

ਮਾਲੇਰਕੋਟਲਾ, 1 ਜੂਨ

Advertisement

ਇਸਲਾਮ ਅੰਦਰ ਪੈਗੰਬਰ ਹਜ਼ਰਤ ਇਬਰਾਹੀਮ (ਅਲੈ:) ਵੱਲੋਂ ਆਪਣੇ ਪੁੱਤਰ ਹਜ਼ਰਤ ਇਸਮਾਇਲ ਦੀ ਖੁਦਾ ਅੱਗੇ ਪੇਸ਼ ਕੁਰਬਾਨੀ ਦੀ ਯਾਦ ’ਚ ਮਨਾਏ ਜਾਂਦੇ ਈਦ-ਉਲ-ਜ਼ੁਹਾ (ਬਕਰੀਦ) ਤੋਂ ਪਹਿਲਾਂ ਮਾਲੇਰਕੋਟਲਾ ਦੀ ਦਾਣਾ ਮੰਡੀ ’ਚ ਬੱਕਰਿਆਂ ਤੇ ਭੇਡੂਆਂ ਦੀ ਮੰਡੀ ਸਜ ਚੁੱਕੀ ਹੈ। ਰਾਜਸਥਾਨ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਲਗਪਗ 30 ਹਜ਼ਾਰ ਤੋਂ ਵੱਧ ਬੱਕਰੇ ਤੇ ਭੇਡੂਆਂ ਵਾਲੀ ਇਸ ਮੰਡੀ ਨੂੰ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਮੰਨਿਆ ਜਾਦਾ ਹੈ। ਭਾਵੇਂ ਬਾਹਰੀ ਰਾਜਾਂ ਤੋਂ ਪਸ਼ੂ ਪਾਲਕ ਪਿਛਲੇ 10 ਦਿਨਾਂ ਤੋਂ ਇੱਥੇ ਡੇਰੇ ਲਗਾ ਕੇ ਬੈਠੇ ਹਨ ਪਰ ਪਸ਼ੂਆਂ ਦੀ ਖਰੀਦੋ ਫਰੋਖਤ 28 ਮਈ ਦੀ ਰਾਤ ਚੰਦ ਚੜ੍ਹਨ ਤੋਂ ਬਾਅਦ ਹੀ ਸ਼ੁਰੁੂ ਹੋਈ ਹੈ। ਬੀਕਾਨੇਰ ਦੇ ਖਤਰਗੜ੍ਹ ਤੋਂ 75 ਬੱਕਰੇ ਲੈ ਕੇ ਪਹੁੰਚੇ ਜਾਕੁਰ ਹੁਸੈਨ ਤੇ ਆਜ਼ਮ ਅਲੀ ਮੁਤਾਬਕ ਐਤਕੀਂ ਮਾਲ ਵਧੇਰੇ ਆਉਣ ਅਤੇ ਗਾਹਕ ਦੀ ਘਾਟ ਕਰ ਕੇ ਭਾਵੇਂ ਮੰਦਾ ਹੈ ਪਰ ਉਨ੍ਹਾਂ ਦੇ ਹੁਣ ਤੱਕ 26 ਬੱਕਰੇ ਵਿਕ ਚੁੱਕੇੇ ਹਨ। ਰਾਜਸਥਾਨ ਦੇ ਸਕਰਗੜ੍ਹ ਤੋਂ 125 ਬੱਕਰਿਆਂ ਨਾਲ ਪਹੁੰਚੇ ਸਾਬਰ ਨੇ ਇਕ ਬੱਕਰਾ 80 ਹਜ਼ਾਰ ਦਾ ਵੇਚਿਆ ਹੈ। ਬੀਕਾਨੇਰ ਨੇੜੇ ਛਤਰਪੁਰ ਤੋਂ ਪੁੱਜੇ ਜਲਾਲ ਮੁਹੰਮਦ ਨੇ ਆਪਣੇ ਬੱਕਰਿਆਂ ‘ਬਾਜ’ ਤੇ ‘ਅੱਲਾਰੱਖਾ’ ਦਾ ਭਾਅ ਦੋ ਦੋ ਲੱਖ ਰੁਪਏ ਮੰਗਿਆ ਹੈ। ਸਥਾਨਕ ਖਰੀਦਦਾਰ ਕੁਰਬਾਨੀ ਲਈ 5 ਹਜ਼ਾਰ ਤੋਂ ਲੈ ਕੇ 25-30 ਹਜ਼ਾਰ ਦੇ ਬੱਕਰੇ ਤੇ ਭੇਡੂ ਆਮ ਖਰੀਦ ਰਹੇ ਹਨ ਜਦਕਿ ਹਰ ਪਸ਼ੂ ਦੀ ਕੀਮਤ ਉਸ ਦੀ ਡੀਲ-ਡੌਲ, ਵਜ਼ਨ ਤੇ ਸੁਹੱਪਣ ’ਤੇ ਨਿਰਭਰ ਕਰਦੀ ਹੈ। ਐਤਕੀਂ ਮੰਡੀ ਵਿੱਚ ਛੋਟੇ ਮੇਮਣਿਆਂ ਤੇ ਲੇਲਿਆਂ ਦੀ ਖਰੀਦੋ ਫਰੋਖਤ ਵੱਡੇ ਪਸ਼ੂਆਂ ਦੇ ਮੁਕਾਬਲੇ ਵੱਧ ਰਹੀ ਹੈ। ਅਗਲੇ ਸਾਲਾਂ ਵਿੱਚ ਕੁਰਬਾਨੀ ਲਈ ਪਾਲਣ ਵਾਲੇ ਸਥਾਨਕ ਲੋਕ ਛੋਟੇ ਪਸ਼ੂਆਂ ਦੀ ਖਰੀਦ ਕਰ ਰਹੇ ਹਨ। ਕਈ ਵਪਾਰੀ ਬਿਰਤੀ ਦੇ ਲੋਕ ਇੱਥੋਂ ਹੀ ਬੱਕਰੇ ਤੇ ਭੇਡੂ ਖਰੀਦ ਕੇ ਇੱਥੇ ਹੀ ਮੋਟਾ ਮੁਨਾਫਾ ਲੈ ਕੇ ਅੱਗੇ ਵੇਚ ਰਹੇ ਹਨ। ਕੁਰਬਾਨੀ ਲਈ ਬੱਕਰਾ ਖਰੀਦਣ ਆਏ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਮਹਿੰਗਾ ਚਾਹੇ ਸਸਤਾ ਕੁਰਬਾਨੀ ਲਈ ਬੱਕਰਾ ਤਾਂ ਖਰੀਦਣਾ ਹੀ ਹੈ।

ਕਰੰਟ ਲੱਗਣ ਕਾਰਨ 9 ਬੱਕਰਿਆਂ ਦੀ ਮੌਤ

ਦੇਰ ਰਾਤ ਅਚਾਨਕ ਬਿਜਲੀ ਦਾ ਕਰੰਟ ਲੱਗਣ ਨਾਲ ਰਾਜਸਥਾਨ ਤੋਂ ਆਏ ਇੱਕ ਵਪਾਰੀ ਦੇ 9 ਬੱਕਰਿਆਂ ਦੀ ਮੌਤ ਹੋ ਗਈ। ਬੀਕਾਨੇਰ ਵਾਸ਼ੀ ਵਪਾਰੀ ਅਕਰਮ ਖਾਂ ਨੇ ਦੱਸਿਆ ਕਿ ਟੈਂਟ ਵਿਚ ਬੱਕਰੇ ਬੰਨ੍ਹਣ ਲਈ ਗੱਡੀਆਂ ਕਿੱਲਾਂ ਵਿਚ ਅਚਾਨਕ ਕਰੰਟ ਆ ਗਿਆ ਤੇ ਉਸ ਦੇ ਕਰੀਬ ਦੋ ਲੱਖ ਰੁਪਏ ਕੀਮਤ ਦੇ ਨੌਂ ਬੱਕਰੇ ਮੌਕੇ ’ਤੇ ਹੀ ਦਮ ਤੋੜ ਗਏ। ਡੀਐੱਸਪੀ ਮਾਲੇਰਕੋਟਲਾ ਕੁਲਦੀਪ ਸਿੰਘ ਨੇ ਬੱਕਰਾ ਵਪਾਰੀ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਉਸ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਬਿਜਲੀ ਸਪਲਾਈ ਦੇ ਇੰਚਾਰਜ ਗੁਰਜੰਟ ਸਿੰਘ ਮੁਤਾਬਿਕ ਬੱਕਰਾ ਵਪਾਰੀਆਂ ਵੱਲੋਂ ਮੰਡੀ ਦੇ ਪੱਕੇ ਫਰਸ਼ ਵਿੱਚ ਡੂੰਘੀਆਂ ਗੱਡੀਆਂ ਜਾ ਰਹੀਆਂ ਲੋਹੇ ਦੇ ਪਾਈਪ ਅਤੇ ਕਿੱਲਾਂ ਡੇਢ ਫੁੱਟ ਹੇਠਾਂ ਦੱਬੀ ਬਿਜਲੀ ਸਪਲਾਈ ਕੇਬਲ ਨਾਲ ਭਿੜਨ ਕਾਰਨ ਹਾਦਸਾ ਵਾਪਰਿਆ ਹੈ।

Advertisement