ਸ਼ੇਰ-ਏ-ਪੰਜਾਬ ਦੀ ਬਰਸੀ ’ਤੇ ਬਡਰੁੱਖਾਂ ’ਚ ਨਾ ਹੋਇਆ ਸਰਕਾਰੀ ਸਮਾਗਮ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਜੂਨ
ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਵਿਖੇ ਬਰਸੀ ਮੌਕੇ ਭਾਵੇਂ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਮਾਗਮ ਨਹੀਂ ਹੋਇਆ ਪਰ ਸਰਪੰਚ ਰਣਦੀਪ ਸਿੰਘ ਮਿੰਟੂ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਵਿਖੇ ਲੱਗੇ ਸ਼ੇਰ-ਏ-ਪੰਜਾਬ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕਰਦਿਆਂ ਮਹਾਨ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਭਾਵੇਂ ਕਿ ਕਈ ਦਿਨਾਂ ਦੀ ਚਰਚਾ ਚੱਲ ਰਹੀ ਸੀ ਕਿ ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਪਿਛਲੇ ਸਾਲ ਵਾਂਗ ਐਤਕੀ ਵੀ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਹੋਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਪੁੱਜਣਗੇ, ਜਿਸ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਦੀ ਸਾਫ਼-ਸਫ਼ਾਈ ਕਰਵਾਈ ਜਾ ਰਹੀ ਸੀ ਅਤੇ ਮਨਰੇਗਾ ਮਜ਼ਦੂਰ ਪਾਰਕ ਦੀ ਦਿੱਖ ਸੰਵਾਰਨ ਲਈ ਜੁਟੇ ਹੋਏ ਸਨ। ਇਸ ਤੋਂ ਇਲਾਵਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਆਦੇਸ਼ ’ਤੇ ਪਾਰਕ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਰੰਗੋਲੀ ਵੀ ਬਣਵਾਈ ਗਈ ਸੀ ਪਰ ਇਹ ਰੰਗੋਲੀ ਸਜੀ-ਸਜਾਈ ਹੀ ਰਹਿ ਗਈ ਅਤੇ ਸਰਕਾਰ ਤਾਂ ਕੀ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਕੋਈ ਅਧਿਕਾਰੀ ਨਹੀਂ ਪੁੱਜਿਆ।
ਸਰਪੰਚ ਰਣਦੀਪ ਸਿੰਘ ਮਿੰਟੂ ਅਤੇ ਸਮੂਹ ਪੰਚਾਂ ਤੋਂ ਇਲਾਵਾ ਪਿੰਡ ਦੇ ‘ਆਪ’ ਵਰਕਰ ਪਾਰਕ ਵਿੱਚ ਪੁੱਜੇ ਅਤੇ ਸ਼ੇਰ-ਏ-ਪੰਜਾਬ ਦੇ ਬੁੱਤ ਅੱਗੇ ਫੁੱਲ ਮਾਲਾਵਾਂ ਅਰਪਿਤ ਕਰਦਿਆਂ ਸ਼ੇਰ-ਏ-ਪੰਜਾਬ ਨੂੰ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਰਪੰਚ ਰਣਦੀਪ ਸਿੰਘ ਮਿੰਟੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਵਾਲੇ ਖੰਡਰ ਹੋ ਚੁੱਕੇ ਬਡਰੁੱਖਾਂ ਕਿਲ੍ਹੇ ਦੇ ਬੁਰਜ ਨੂੰ ਆਪਣੇ ਹੱਥ ਵਿਚ ਲੈ ਕੇ ਉਸ ਦੀ ਸਾਂਭ-ਸੰਭਾਲ ਕਰੇ ਤਾਂ ਜੋ ਇਸ ਮਹਾਨ ਯੋਧੇ ਦੇ ਜਨਮ ਸਥਾਨ ਦੀ ਨਿਸ਼ਾਨੀ ਕੌਮ ਅਤੇ ਪੰਜਾਬ ਕੋਲ ਬਚੀ ਰਹਿ ਸਕੇ। ਮੈਰਿਜ ਪੈਲੇਸ ਦਾ ਕਈ ਦਹਾਕਿਆਂ ਤੋਂ ਲਟਕ ਰਿਹਾ ਪ੍ਰਾਜੈਕਟ ਪੂਰਾ ਕੀਤਾ ਜਾਵੇ, ਗਲੀਆਂ-ਨਾਲੀਆਂ ਲਈ ਐਲਾਨੀ 50 ਲੱਖ ਦੀ ਗਰਾਂਟ ਜਾਰੀ ਕੀਤੀ ਜਾਵੇ, ਸੰਗਰੂਰ ਤੋਂ ਮਸਤੂਆਣਾ ਸਾਹਿਬ ਤੱਕ ਕੌਮੀ ਹਾਈਵੇਅ ਦੇ ਦੋਵੇਂ ਪਾਸੇ ਕੁੱਝ ਹਿੱਸੇ ਵਿਚ ਰਹਿੰਦੀ ਸਲਿੱਪ ਰੋਡ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣ ਅਤੇ 13 ਨਵੰਬਰ ਨੂੰ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। ਇਸ ਮੌਕੇ ਬਡਰੁੱਖਾਂ ਪੁਲੀਸ ਚੌਕੀ ਇੰਚਾਰਜ ਅਮਰੀਕ ਸਿੰਘ, ਪੰਚ ਗੁਰਜੀਤ ਸਿੰਘ ਮਿੰਟੂ, ਜੱਸੀ ਬਡਰੁੱਖਾਂ, ਕਾਲਾ ਬਡਰੁੱਖਾਂ, ਗੁਰਦੀਪ ਸਿੰਘ ਸੰਧੂ, ਦੀਪ ਆੜ੍ਹਤੀਆ, ਕੇਵਲ ਆੜ੍ਹਤੀਆ ਹਾਜ਼ਰ ਸਨ।