ਬੀਰਬਲ ਰਿਸ਼ੀ
ਸ਼ੇਰਪੁਰ, 6 ਜੁਲਾਈ
ਇੱਥੋਂ ਦੇ ਮਰਹੂਮ ਕਾਮਰੇਡ ਸਤੀਸ਼ ਚੰਦ ਦੇ ਪੁੱਤਰ ਭਾਰਤ ਭੂਸ਼ਨ ਨੇ ਨਾਇਬ ਤਹਿਸੀਲਦਾਰ ਸ਼ੇਰਪੁਰ ’ਤੇ ਇੰਤਕਾਲ ਮਨਜ਼ੂਰ ਕਰਨ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲਗਾਏ।
ਇੱਥੋਂ ਦੇ ਸੇਠ ਭਾਰਤ ਭੂਸ਼ਨ ਨੇ ਦੱਸਿਆ ਕਿ ਉਸ ਦੇ ਪਿਤਾ ਸਤੀਸ਼ ਚੰਦ ਨੇ ਆਪਣੀ ਕੁੱਲ ਚੱਲ-ਅਚੱਲ ਜਾਇਦਾਦ ਸਬੰਧੀ ਉਸ ਦੇ ਭਰਾ ਪ੍ਰਮੋਦ ਕੁਮਾਰ ਅਤੇ ਮਾਤਾ ਕਮਲੇਸ਼ ਰਾਣੀ ਦੇ ਹੱਕ ਵਿੱਚ 24-05-2010 ਵਸੀਕਾ ਨੰਬਰ 42 ਤਹਿਤ ਸਬ-ਤਹਿਸੀਲ ਸ਼ੇਰਪੁਰ ਤੋਂ ਰਜਿਸਟਰਡ ਵਸੀਅਤ ਤਹਿਰੀਰ ਕਰਵਾਈ ਸੀ। ਉਨ੍ਹਾਂ ਦੇ ਪਿਤਾ ਦੀ ਮੌਤ 15 ਜਨਵਰੀ 2018 ਨੂੰ ਹੋ ਗਈ ਅਤੇ ਪਿਛਲੇ ਦਿਨੀਂ ਹਲਕਾ ਪਟਵਾਰ ਪਿੰਡ ਗੁਰਬਖ਼ਸ਼ਪੁਰਾ ਕੋਲ ਉਕਤ ਰਜਿਸਟਰਡ ਵਸੀਅਤ ਦਾ ਇੰਦਰਾਜ ਕਰਵਾ ਦਿੱਤਾ ਜੋ ਮਨਜ਼ੂਰੀ ਲਈ ਲੰਘੀ 3 ਜੁਲਾਈ ਨੂੰ ਸਬੰਧਤ ਨਾਇਬ ਤਹਿਸੀਲਦਾਰ ਕੋਲ ਪੇਸ਼ ਹੋਇਆ।
ਉਨ੍ਹਾਂ ਦਾਅਵਾ ਕੀਤਾ ਕਿ ਸਬੰਧਤ ਅਧਿਕਾਰੀ ਨੇ ਇੰਤਕਾਲ ਮਨਜ਼ੂਰ ਕਰਨ ਲਈ 30 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਇਨਕਾਰ ਕਰਨ ’ਤੇ ਹੈਰਾਨੀ ਉਸ ਸਮੇਂ ਹੋਈ ਜਦੋਂ ਸਬੰਧਤ ਅਧਿਕਾਰੀ ਨੇ ਕਥਿਤ ਤੌਰ ’ਤੇ ਪੁਲੀਸ ਨੂੰ ਬੁਲਾ ਕੇ ਝੂਠੇ ਪਰਚੇ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ। ਅਖੀਰ ਨਾਇਬ ਤਹਿਸੀਲਦਾਰ ਨੇ ਉਸ ਦੇ ਜੀਜੇ ਤੇ ਭੈਣ ਨਾਲ ਮੋਬਾਈਲ ਨੰਬਰ ’ਤੇ ਗੱਲ ਕਰਕੇ ਉਨ੍ਹਾਂ ਨੂੰ ਵਸੀਅਤ ਨੂੰ ਚੁਣੌਤੀ ਦੇਣ ਲਈ ਉਕਸਾਇਆ ਪਰ ਉਸ ਦੇ ਜੀਜੇ ਤੇ ਭੈਣ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਇਸ ਮੌਕੇ ਨਰੇਸ਼ ਸ਼ਰਮਾ ਵਾਸੀ ਚਾਂਗਲੀ ਵੀ ਉੱਥੇ ਆਇਆ ਜਿਸ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਉਹ ਘਰ ਪਰਤ ਆਇਆ। ਭਾਰਤ ਭੂਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਨਸਾਫ਼ ਪ੍ਰਾਪਤੀ ਲਈ ਉਚ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤਾਂ ਭੇਜੀਆਂ ਹਨ।
ਉਧਰ ਲੋਕ ਮੰਚ ਪੰਜਾਬ ਦੇ ਕਨਵੀਨਰ ਕਾਮਰੇਡ ਸੁਖਦੇਵ ਬੜੀ ਨੇ ਕਿਹਾ ਕਿ ਅਗਲੀ ਰੂਪ ਰੇਖਾ ਲਈ ਲੋਕ ਮੰਚ ਪੰਜਾਬ ਦੇ ਚੋਣਵੇਂ ਆਗੂਆਂ ਦੀ 7 ਜੁਲਾਈ ਨੂੰ ਸਵੇਰ ਸਮੇਂ ਮੀਟਿੰਗ ਸੱਦ ਲਈ ਗਈ ਹੈ।
ਦੋਸ਼ ਝੂਠੇ ਤੇ ਬੇਬੁਨਿਆਦ: ਸਤਗੁਰ ਸਿੰਘ
ਨਾਇਬ ਤਹਿਸੀਲਦਾਰ ਸਤਗੁਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਉਨ੍ਹਾਂ ਕਿਸੇ ਤੋਂ ਉਕਾ ਹੀ ਕੋਈ ਪੈਸਾ ਨਹੀਂ ਮੰਗਿਆ ਅਤੇ ਉਹ ਨੇਮ ਧਰਮ ਲਈ ਤਿਆਰ ਹੈ। ਆਪਣੀ ਡਿਊਟੀ ਨਿਭਾਉਂਦਿਆਂ ਕੋਈ ਦੂਜੀ ਵਸੀਅਤ ਨਾ ਹੋਣ ਦੇ ਸ਼ੱਕ ’ਚ ਉਨ੍ਹਾਂ ਉਸ ਦੇ ਭੈਣ ਤੇ ਭਣੌਈਏ ਨਾਲ ਗੱਲ ਜ਼ਰੂਰ ਕੀਤੀ। ਉਲਟਾ ਦਫ਼ਤਰ ਵਿੱਚ ਉਸ ਦਾ ਅਪਮਾਨ ਕਰਨ ਦੇ ਬਾਵਜੂਦ ਉਸ ਨੇ ਕੋਈ ਕਾਰਵਾਈ ਕਰਨੀ ਮੁਨਾਸਿਫ਼ ਨਹੀਂ ਸਮਝੀ।