ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸੰਗਤ ਨੇ ਥਾਂ-ਥਾਂ ਸਵਾਗਤ ਕੀਤਾ; ਢਾਡੀ ਜਥਿਆਂ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਗਾੲੀਆਂ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਤੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਵਿਚ ਮਾਲੇਰਕੋਟਲਾ ਦੇ ਸਿੱਖ, ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਪੂਰੀ ਸ਼ਰਧਾ ਨਾਲ ਸ਼ਾਮਲ ਹੋਏ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਗੁਰਦੁਆਰਾ ਸਾਹਿਬ ਵਿਖੇ ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦਸਮੇਸ਼ ਪਿਤਾ ਦੇ ਕੁਰਬਾਨੀਆਂ ਭਰੇ ਜੀਵਨ ਸਬੰਧੀ ਜਾਣੂ ਕਰਵਾਇਆ। ਵੱਖ ਵੱਖ ਵਾਹਨਾਂ ’ਤੇ ਸਜਾਈਆਂ ਸਟੇਜਾਂ ਤੋਂ ਕੀਰਤਨੀ ਜਥੇ ਰੱਬੀ ਬਾਣੀ ਦਾ ਮਨੋਹਰ ਕੀਰਤਨ ਕਰ ਰਹੇ ਸਨ। ਪੰਥ ਦੇ ਪ੍ਰਸਿੱਧ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਤੇ ਵਪਾਰਕ ਸੰਸਥਾਵਾਂ ਵੱਲੋਂ ਮਾਲੇਰਕੋਟਲਾ ਸ਼ਹਿਰ ਵਿੱਚ ਥਾਂ-ਥਾਂ ਸਵਾਗਤੀ ਗੇਟ ਉਸਾਰੇ ਗਏ ਅਤੇ ਸੰਗਤ ਵੱਲੋਂ ਲੰਗਰ ਲਗਾਏ ਗਏ। ਨਗਰ ਕੀਰਤਨ ਡਾ. ਅੰਬੇਡਕਰ ਚੌਕ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਕਾਲਜ ਰੋਡ, ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ, ਗਰੇਵਾਲ ਚੌਕ, ਜਰਗ ਚੌਕ, ਸਰਹਿੰਦੀ ਗੇਟ, ਦਿੱਲੀ ਗੇਟ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਸੰਪੂਰਨ ਹੋਇਆ।
ਨਗਰ ਕੀਰਤਨ ਅੱਗੇ ਸਾਹਿਬਜ਼ਾਦਾ ਐਜੂਕੇਸ਼ਨਲ ਟਰੱਸਟ ਦੀਆਂ ਵਿਦਿਅਕ ਸੰਸਥਾਵਾਂ ਸਮੇਤ ਵੱਖ ਵੱਖ ਸਕੂਲਾਂ ਕਾਲਜਾਂ ਦੇ ਬੱਚੇ ਆਪੋ-ਅਪਣੇ ਬੈਨਰਾਂ ਸਮੇਤ ਚੱਲ ਰਹੇ ਸਨ। ਗਤਕਾ ਪਾਰਟੀਆਂ ਵੱਲੋਂ ਥਾਂ-ਥਾਂ ਗਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਭਾਈ ਜਗਦੀਸ਼ ਸਿੰਘ ਘੁੰਮਣ ਦੇ ਨਾਲ ਸਾਹਿਬਜ਼ਾਦਾ ਫਤਿਹ ਸਿੰਘ ਐਜੂਕੇਸ਼ਨ ਟਰੱਸਟ ਦੇ ਵਾਇਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ, ਸਾਹਿਬਜ਼ਾਦਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਸਾਬਕਾ ਚੇਅਰਮੈਨ ਹਰਦੀਪ ਸਿੰਘ ਖੱਟੜਾ, ਜਥੇਦਾਰ ਮਨਸ਼ਾਂਤ ਸਿੰਘ ਜਲਾਲਾਬਾਦ, ਗੁਰਦੁਆਰਾ ਹਾਅ ਦਾ ਨਾਅਰਾ ਦੇ ਹੈੱਡ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਜਥੇਦਾਰ ਚਮਕੌਰ ਸਿੰਘ ਬੂਲਾਪੁਰ, ਬੀ ਡੀ ਪੀ ਓ ਜਸਪ੍ਰੀਤ ਸਿੰਘ ਜਵੰਧਾ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਪ੍ਰਿੰਸੀਪਲ ਪਰਮਜੀਤ ਸਿੰਘ ਚੀਮਾ ਅਤੇ ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਵੱਖ-ਵੱਖ ਥਾਵਾਂ ’ਤੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੰਜ ਪਿਆਰਿਆਂ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਰਾਗੀ-ਢਾਡੀ ਜਥਿਆਂ ਦਾ ਸਨਮਾਨ ਕੀਤਾ ਗਿਆ।
ਸਮਾਣਾ (ਸੁਭਾਸ਼ ਚੰਦਰ): ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਸਭਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਸੰਪੂਰਨ ਹੋਇਆ। ਇਸ ਮੌਕੇ ਫੋਜੀ ਬੈਂਡ ਪਾਰਟੀ ਅਤੇ ਗਤਕਾ ਪਾਰਟੀ ਨੇ ਆਪਣੇ-ਆਪਣੇ ਕਰਤਵ ਵਿਖਾਏ। ਨਗਰ ਕੀਰਤਨ ਵਿਚ ਗੁਰਦੁਆਰਾ ਕਮੇਟੀ ਪ੍ਰਧਾਨ ਬਲਬੀਰ ਸਿੰਘ ਆਰੇਵਾਲੇ, ਮੀਤ ਪ੍ਰਧਾਨ ਪਰਮਿੰਦਰ ਸਿੰਘ, ਅਮਰੀਕ ਸਿੰਘ, ਹਰਜੀਤ ਸਿੰਘ ,ਸਰਪ੍ਰਸਤ ਪ੍ਰੋ: ਹਰਬੰਸ ਸਿੰਘ ਨਾਗੀ,ਅਮਰਜੀਤ ਸਿੰਘ ਪੰਜਰਥ ਆਦਿ ਹਾਜ਼ਰ ਸਨ।

