DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mysterious Death of Former SC Commission Member's Brother: ਐੱਸ ਸੀ ਕਮਿਸ਼ਨ ਦੀ ਸਾਬਕਾ ਮੈਂਬਰ ਦੇ ਛੋਟੇ ਭਰਾ ਦੀ ਭੇਤ-ਭਰੀ ਹਾਲਤ ’ਚ ਮੌਤ

ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਲਾਸ਼ ਸੜਕ ’ਤੇ ਰੱਖ ਕੇ ਆਵਾਜਾਈ ਠੱਪ

  • fb
  • twitter
  • whatsapp
  • whatsapp
featured-img featured-img
ਮਾਲੇਰਕੋਟਲਾ ’ਚ ਲਾਸ਼ ਸੜਕ ’ਤੇ ਰੱਖ ਕੇ ਆਵਾਜਾਈ ਠੱਪ ਕਰਦੇ ਹੋਏ ਲੋਕ।
Advertisement

ਪੰਜਾਬ ਐੱਸ ਸੀ ਕਮਿਸ਼ਨ ਦੀ ਸਾਬਕਾ ਮੈਂਬਰ ਬੀਬੀ ਪੂਨਮ ਕਾਂਗੜਾ ਦੇ ਇਕਲੌਤੇ ਭਰਾ ਸ਼ਿਵ ਕੁਮਾਰ ਦੀ ਅੱਜ ਸਵੇਰੇ ਭੇਤ-ਭਰੀ ਹਾਲਤ ’ਚ ਹੋਈ ਮੌਤ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਲਾਸ਼ ਸਥਾਨਕ ਕੁਟੀ ਰੋਡ ’ਤੇ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਧਰਨਾਕਾਰੀ ਸ਼ਿਵ ਕੁਮਾਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਜਾਣਕਾਰੀ ਮੁਤਾਬਕ ਪਰਿਵਾਰ ਨੂੰ ਅੱਜ ਸਵੇਰੇ ਕਰੀਬ 10 ਵਜੇ ਸ਼ਿਵ ਕੁਮਾਰ (40) ਦਾ ਬੇਹੋਸ਼ੀ ਦੀ ਹਾਲਤ ’ਚ ਨਹਿਰੂ ਮਾਰਕੀਟ ਦੀ ਛੱਤ ਉਪਰ ਪਏ ਹੋਣ ਬਾਰੇ ਪਤਾ ਲੱਗਾ। ਜਦੋਂ ਤੱਕ ਉਸ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਸ਼ਿਵ ਕੁਮਾਰ ਨੂੰ ਉਸ ਦੇ ਨਾਬਾਲਗ ਬੇਟੇ ਨਾਲ ਸਬੰਧਤ ਮਾਮਲੇ ’ਚ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ। ਹਾਲੇ ਕੱਲ੍ਹ ਹੀ ਪੁਲੀਸ ਹਿਰਾਸਤ ਵਿੱਚੋਂ ਬਾਹਰ ਆਏ ਸ਼ਿਵ ਕੁਮਾਰ ਦੀ ਅੱਜ ਸਵੇਰੇ ਭੇਤਭਰੀ ਹਾਲਤ ’ਚ ਮੌਤ ਹੋ ਗਈ। ਆਪਣੇ ਭਰਾ ਦੀ ਮੌਤ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚੀ ਪੰਜਾਬ ਐੱਸ ਸੀ ਕਮਿਸ਼ਨ ਦੀ ਸਾਬਕਾ ਮੈਂਬਰ ਪੂਨਮ ਕਾਂਗੜਾ ਦੀ ਅਗਵਾਈ ਹੇਠ ਮੁਹੱਲਾ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਕਰੀਬ ਦੋ ਵਜੇ ਲਾਸ਼ ਨੂੰ ਕੁਟੀ ਰੋਡ ’ਤੇ ਰੱਖ ਕੇ ਧਰਨਾ ਸ਼ੁਰੂ ਕੀਤਾ ਗਿਆ।

ਮੌਕੇ ’ਤੇ ਪਹੁੰਚੇ ਡੀ ਐੱਸ ਪੀ ਮਾਨਵਜੀਤ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਢੁੱਕਵੀਂ ਕਾਰਵਾਈ ਦਾ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਉਹ ਸੜਕ ਜਾਮ ਖੋਲ੍ਹਣ ਲਈ ਤਿਆਰ ਨਹੀਂ ਹੋਏ। ਬੀਬੀ ਪੂਨਮ ਕਾਂਗੜਾ ਅਤੇ ਉਨ੍ਹਾਂ ਦੇ ਪਤੀ ਦਰਸ਼ਨ ਕਾਂਗੜਾ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਨੇ ਬੇਸ਼ੱਕ ਸ਼ਿਵ ਕੁਮਾਰ ਦੀ ਮਾਤਾ ਬਬਲੀ ਦੇ ਬਿਆਨਾਂ ’ਤੇ ਪੰਜ ਵਿਅਕਤੀਆਂ ਖਿਲਾਫ਼ ਐੱਸ ਸੀ/ਐੱਸ ਟੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਏ ਜਾਣ ਦੀ ਗੱਲ ਕਹੀ ਹੈ ਪ੍ਰੰਤੂ ਮੌਕੇ ’ਤੇ ਹਾਜ਼ਰ ਡੀ ਐੱਸ ਪੀ ਅਤੇ ਥਾਣਾ ਮੁਖੀ ਵੱਲੋਂ ਉਨ੍ਹਾਂ ਨੂੰ ਐੱਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਲਾਸ਼ ਧਰਨਾ ਜਾਰੀ ਰੱਖਣਗੇ। ਧਰਨਾਕਾਰੀਆਂ ਵਿੱਚ ਭਾਜਪਾ ਕੌਂਸਲਰ ਅੰਕੂ ਜ਼ਖਮੀ, ਕਾਂਗਰਸੀ ਕੌਂਸਲਰ ਅਜੇ ਕੁਮਾਰ ਅੱਜੂ, ਭਾਜਪਾ ਆਗੂ ਸੁਨੀਲ ਹੰਸ, ਸਾਬਕਾ ਕੌਂਸਲ ਪ੍ਰਧਾਨ ਰਾਜ ਕਪੂਰ ਪੱਪੂ ਸਮੇਤ ਕਈ ਆਗੂ ਮੌਜੂਦ ਸਨ। ਖ਼ਬਰ ਲਿਖਣ ਤੱਕ ਲੋਕਾਂ ਦਾ ਧਰਨਾ ਜਾਰੀ ਸੀ।

Advertisement

Advertisement
Advertisement
×