ਨਾਭਾ ਦੇ ਨਜ਼ਦੀਕ ਨੌ ਗਜਾ ਪੀਰ ਦੀ ਸਮਾਧ ਕੋਲ ਸੜਕ ਹਾਦਸੇ ਵਿਚ ਮਾਂ ਤੇ ਧੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਜਣੇ ਜ਼ਖਮੀ ਹੋ ਗਏ। ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਵਿੱਚ ਇੱਕ ਜ਼ਖਮੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਮੂਲਾ ਬੱਧਾ ਨਿਵਾਸੀ ਅੰਮ੍ਰਿਤ ਸਿੰਘ ਆਪਣੇ ਪਰਿਵਾਰ ਸਮੇਤ ਕਾਰ ਵਿੱਚ ਜਾ ਰਿਹਾ ਸੀ ਕਿ ਸਾਹਮਣੇ ਤੋਂ ਆਉਂਦੀ ਇੱਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਇਸ ਹਾਦਸੇ ਕਾਰਨ ਅੰਮ੍ਰਿਤ ਸਿੰਘ ਦੀ ਪਤਨੀ ਅਮਰਪ੍ਰੀਤ ਕੌਰ (30) ਤੇ ਉਸ ਦੀ ਬੇਟੀ ਅਰਜ਼ੋਈ ਕੌਰ ਉਮਰ ਤਿੰਨ ਮਹੀਨੇ ਦੀ ਮੌਤ ਹੋ ਗਈ।
ਦੂਸਰੀ ਕਾਰ ਵਿੱਚ ਇੱਕ 10 ਸਾਲਾ ਬੱਚੀ ਸਮੇਤ ਤਿੰਨ ਜਣੇ ਸਵਾਰ ਸਨ। ਉਹ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ। ਬੱਚੀ ਤੇ ਉਸ ਦੀ ਮਾਤਾ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ। ਜ਼ਖਮੀ ਵੀ ਮੂਲਾ ਬੱਧਾ ਪਿੰਡ ਦੇ ਹੀ ਵਸਨੀਕ ਹਨ ਤੇ ਉਨ੍ਹਾਂ ਦੀ ਪਛਾਣ ਸੁਰਪਾਲ ਸਿੰਘ, ਪਤਨੀ ਰਮਨਜੀਤ ਕੌਰ ਤੇ ਬੇਟੀ ਰਵਨੀਤ ਕੌਰ ਵਜੋਂ ਹੋਈ।
ਨਾਭਾ ਸਦਰ ਪੁਲੀਸ ਵੱਲੋ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

