ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਸੂਬਾ ਪੱਧਰ ’ਤੇ ਕੀਤੇ ਗਏ ਫੈਸਲੇ ਅਨੁਸਾਰ ਪਹਿਲੀ ਤੋਂ 10 ਜੁਲਾਈ ਤੱਕ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਲੜੀ ਤਹਿਤ ਸੰਗਰੂਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 7 ਜੁਲਾਈ ਨੂੰ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸੁਨਾਮ ਸਥਿਤ ਕੋਠੀ ਦਾ ਘਿਰਾਓ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਘਿਰਾਓ ਦੀ ਤਿਆਰੀ ਸਬੰਧੀ ਮੀਟਿੰਗ ਦੌਰਾਨ ਪੈਨਸ਼ਨਰ ਅਤੇ ਮੁਲਾਜ਼ਮ ਆਗੂ ਅਵਿਨਾਸ਼ ਸ਼ਰਮਾ, ਜਗਦੀਸ਼ ਸ਼ਰਮਾ, ਮਾਲਵਿੰਦਰ ਸਿੰਘ ਸੰਧੂ, ਰਾਜ ਕੁਮਾਰ ਅਰੋੜਾ, ਜਗਦੇਵ ਬਾਹੀਆ, ਗੁਰਪ੍ਰੀਤ ਸਿੰਘ ਮੰਗਵਾਲ, ਰਾਜਵੀਰ ਬਡਰੁੱਖਾਂ, ਗੁਰਪ੍ਰੀਤ ਕੌਰ, ਮੇਲਾ ਸਿੰਘ ਪੁੰਨਾਂਵਾਲ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ 7 ਜੁਲਾਈ ਨੂੰ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਪਹਿਲਾਂ ਮਾਤਾ ਮੋਦੀ ਪਾਰਕ ਸੁਨਾਮ ਵਿੱਚ ਇਕੱਠੇ ਹੋਣਗੇ। ਇਸ ਮਗਰੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੁਨਾਮ ਵਿੱਚ ਰਾਮ ਸਰੂਪ ਢੈਪਈ ਦੀ ਪ੍ਰਧਾਨਗੀ ਹੇਠ ਵੱਖ-ਵੱਖ ਜਥੇਬੰਦੀਆਂ ਨੇ ਕੈਬਨਿਟ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਜੀਤ ਸਿੰਘ ਬੰਗਾ, ਬਲਵਿੰਦਰ ਸਿੰਘ ਜਿਲੇਦਾਰ, ਦਰਸ਼ਨ ਸਿੰਘ ਭਰਪੂਰ, ਜਗਦੇਵ ਸਿੰਘ ਬਾਹੀਆ, ਸੁਰਿੰਦਰ ਸਿੰਘ, ਕ੍ਰਿਸ਼ਨ ਲਾਲ ਬੱਤਰਾ, ਸੋਮ ਸਿੰਘ, ਸਵਿੰਦਰ ਸਿੰਘ, ਚੇਤ ਰਾਮ ਢਿੱਲੋਂ, ਹਰਪਾਲ ਸਿੰਘ, ਦਾਤਾ ਸਿੰਘ ਨਮੋਲ, ਬਿਰਜ ਲਾਲ ਧੀਮਾਨ, ਅੰਗਰੇਜ਼ ਸਿੰਘ ਚੀਮਾਂ, ਭੁਪਿੰਦਰ ਸਿੰਘ ਛਾਜਲੀ ਅਤੇ ਪਵਨ ਕੁਮਾਰ ਸ਼ਰਮਾ ਹਾਜ਼ਰ ਸਨ।
