ਕਰਮਵੀਰ ਸੈਣੀ
ਮੂਨਕ, 3 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵੱਲੋਂ 6 ਸਤੰਬਰ ਦੇ ਧਰਨੇ ਦੀ ਤਿਆਰੀ ਨੂੰ ਲੈ ਕੇ ਬਲਾਕ ਪ੍ਰਧਾਨ ਸਿੰਘ ਕੜੈਲ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕੱਢਿਆ ਗਿਆ। ਕਿਸਾਨ ਆਗੂ ਰਿੰਕੂ ਮੂਨਕ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਸਿੰਥੈਟਿਕ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਹਰ ਵਾਰ ਪੰਜਾਬ ਵਿੱਚ ਨਵੀਂ ਚੁਣੀ ਜਾਂਦੀ ਸਰਕਾਰ ਨਸ਼ਿਆਂ ਦੇ ਖ਼ਾਤਮਾ ਦਾ ਵਾਅਦਾ ਕਰ ਸੱਤਾ ਵਿੱਚ ਆਉਂਦੀ ਹੈ ਪਰ ਅੱਜ ਤੱਕ ਕੋਈ ਵੀ ਸਰਕਾਰ ਨਸ਼ੇ ਦਾ ਖ਼ਾਤਮਾ ਨਹੀਂ ਕਰ ਸਕੀ ਸਗੋਂ ਹਰ ਸਾਲ ਨਸ਼ਿਆਂ ਦਾ ਕਾਰੋਬਾਰ ਅੱਗੇ ਨਾਲੋਂ ਵਧਿਆ ਹੈ। ਇਸ ਕਰਕੇ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਹਨ। ਨਸ਼ਿਆਂ ਕਾਰਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਨਸ਼ਿਆਂ ਚ ਗ੍ਰਸਤ ਹੋਏ ਨੌਜਵਾਨ ਆਪਣੇ ਹੀ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਰਹੇ ਹਨ। ਇਸ ਕਰਕੇ ਇਸ ਨਸ਼ੇ ਦੇ ਕੋਹੜ ਨੂੰ ਵੱਢਣ ਲਈ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਲੜਣਾ ਪਵੇਗਾ ਤਾਂ ਹੀ ਚਿੱਟਾ, ਸਮੈਕ, ਗੋਲੀਆਂ, ਟਿਕੇ ਵਰਗਿਆਂ ਸਿੰਥੈਟਿਕ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਬਲਾਕ ਮੂਨਕ ਦੇ ਆਗੂ ਰੋਸ਼ਨ ਸੈਣੀ ਮੂਨਕ, ਬੰਟੀ ਢੀਂਡਸਾ, ਬੱਬੂ ਚੱਠੇ, ਬਲਵਿੰਦਰ ਮਨਿਆਣਾ, ਰਮੇਸ਼ ਅਨਦਾਣਾ, ਕੁਲਦੀਪ ਗੁਲਾੜੀ ਤੇ ਮਿਠੂ ਹਾਂਡਾ ਨੇ ਵੀ ਸੰਬੋਧਨ ਕੀਤਾ।