ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਸਤੰਬਰ
ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮਨਰੇਗਾ ਮਜ਼ਦੂਰਾਂ ਨਾਲ ਕੰਮ ਦੀ ਵੰਡ ਸਬੰਧੀ ਹੋ ਰਹੇ ਵਿਤਕਰੇ ਨੂੰ ਲੈ ਕੇ ਪਿੰਡ ਲੇਹਲ ਕਲਾਂ ਦੇ ਮਜ਼ਦੂਰਾਂ ਸਮੇਤ ਇੱਥੇ ਬੀਡੀਪੀਓ ਦਫ਼ਤਰ ਲਹਿਰਾਗਾਗਾ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਉੱਦਮ ਸਿੰਘ ਸੰਤੋਖਪੁਰਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਬੀਰਬਲ ਸਿੰਘ ਲਹਿਲ ਕਲਾਂ ਨੇ ਕਿਹਾ ਕਿ ਇਸ ਪਿੰਡ ਦੇ ਮਗਨਰੇਗਾ ਮਜ਼ਦੂਰਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਕੰਮ ਨੂੰ ਲੈ ਕੇ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਕੰਮ ਦੀ ਵੰਡ ਨੂੰ ਲੈ ਕੇ ਵੀ ਹੇਰਾਫੇਰੀ ਕੀਤੀ ਜਾ ਰਹੀ ਹੈ। ਬੀ.ਡੀ.ਪੀ.ਓ ਲਹਿਰਾਗਾਗਾ ਨੇ ਮਜ਼ਦੂਰਾਂ ਦੇ ਇਕੱਠ ਵਿੱਚ ਪਹੁੰਚ ਕੇ ਕਿਹਾ ਕਿ ਸਬੰਧਤ ਮਨਰੇਗਾ ਸਕੱਤਰ ਨੂੰ ਬਦਲ ਕੇ ਕਿਸੇ ਹੋਰ ਸਕੱਤਰ ਰਾਹੀਂ ਮਨਰੇਗਾ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਆਗੂਆਂ ਕਿਹਾ ਕਿ ਜੇਕਰ ਬੀ.ਡੀ.ਪੀ.ਓ ਨੇ ਵਾਅਦੇ ਅਨੁਸਾਰ ਕੰਮ ਨਾ ਕੀਤਾ ਤਾਂ ਜਲਦੀ ਹੀ ਦਫ਼ਤਰ ਦਾ ਪੱਕੇ ਤੌਰ ’ਤੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮਨਰੇਗਾ ਮਜ਼ਦੂਰ ਲਾਲ ਸਿੰਘ, ਕ੍ਰਿਸ਼ਨ ਸਿੰਘ, ਅਮਰਜੀਤ ਸਿੰਘ ਮੱਲ੍ਹੀ ਸਿੰਘ, ਪਾਲਾ ਸਿੰਘ, ਅਮਰੀਕ ਸਿੰਘ ਤੇ ਤੇਜਾ ਸਿੰਘ ਵੀ ਮਜ਼ਦੂਰ ਸ਼ਾਮਿਲ ਸਨ।