ਮੰਤਰੀ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-4’ ਦਾ ਆਗ਼ਾਜ਼
ਪਹਿਲੇ ਦਿਨ 15 ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਜੌਹਰ ਦਿਖਾਏ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ-4’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਈ। ਪੋਲੋ ਗਰਾਊਂਡ ਵਿੱਚ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਵੀ ਸ਼ਿਰਕਤ ਕੀਤੀ। ਕੁੱਲ 29 ਖੇਡਾਂ ਵਾਲੇ ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਪੜਾਅ ਦੌਰਾਨ 14 ਸਾਲ ਤੋਂ 70 ਸਾਲ ਤੱਕ ਦੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ 15 ਵੱਖ-ਵੱਖ ਖੇਡਾਂ ਵਿੱਚ ਆਪਣੇ ਜੌਹਰ ਦਿਖਾਏ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਨਤੀਜਿਆਂ ਬਾਰੇ ਦੱਸਿਆ ਕਿ ਕਬੱਡੀ ਸਰਕਲ ਸਟਾਇਲ (ਅੰਡਰ-14 ਲੜਕੇ) ਵਿੱਚ ਪਾਤੜਾਂ ਨੇ ਪਹਿਲਾ ਅਤੇ ਸਮਾਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਟੇਬਲ ਟੈਨਿਸ, ਐਥਲੈਟਿਕਸ (3000 ਮੀਟਰ ਅਤੇ 600 ਮੀਟਰ ਦੌੜ), ਹੈਂਡਬਾਲ ਅਤੇ ਤੈਰਾਕੀ ਦੇ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਜਿੱਤਾਂ ਦਰਜ ਕੀਤੀਆਂ। ਵਾਲੀਬਾਲ ਸ਼ੂਟਿੰਗ ਅੰਡਰ-17 ਲੜਕਿਆਂ ਵਿੱਚ ਸਮਾਣਾ ਨੇ ਨਾਭਾ ਅਤੇ ਪਾਤੜਾਂ ਨੇ ਪਟਿਆਲਾ ਨੂੰ ਹਰਾਇਆ। ਅੰਡਰ-14 ਲੜਕੇ 50 ਮੀਟਰ ਬੈਕ ਸਟ੍ਰੋਕ ਵਿੱਚ ਯੁਵਰਾਜ ਸਿੰਘ ਨੇ ਪਹਿਲਾ, ਨਵਨੂਰ ਸਿੰਘ ਨੇ ਦੂਸਰਾ ਅਤੇ ਗੁਰਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ।
ਮਾਲੇਰਕੋਟਲਾ ਵਿੱਚ ਖੇਡਾਂ ਸ਼ੁਰੂ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਾਲੇਰਕੋਟਲਾ ਦੇ ਡਾ. ਜ਼ਾਕੁਰ ਹੁਸੈਨ ਸਟੇਡੀਅਮ ਵਿਚ ਜ਼ਿਲ੍ਹਾ ਪੱਧਰੀ ਖੇਡਾਂ ਦਾ ਰਸਮੀ ਆਗ਼ਾਜ਼ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਗੁਬਾਰੇ ਉਡਾ ਕੇ ਕੀਤਾ ਗਿਆ। ਇਹ ਮੁਕਾਬਲੇ ਪਹਿਲੀ ਅਕਤੂਬਰ ਤੱਕ ਚੱਲਣਗੇ। ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਦੀ ਅਸਲ ਤਾਕਤ ਇਸ ਦੀ ਨੌਜਵਾਨ ਸ਼ਕਤੀ ਹੈ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਦਘਾਟਨ ਮੌਕੇ ਕੌਮੀ ਖਿਡਾਰੀ ਮੁਹੰਮਦ ਮੁਰਤਜ਼ਾ ਨੇ ਖੇਡ ਭਾਵਨਾ ਦੀ ਸਹੁੰ ਚੁਕਾਈ ਅਤੇ ਗੱਤਕਾ ਟੀਮ ਨੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ। ਅੱਜ ਪਹਿਲੇ ਦਿਨ ਟੈਨਿਸ ਬਾਲ ਕ੍ਰਿਕਟ ਵਿੱਚ ਲਾਂਗੜੀਆਂ ਤੇ ਧਲੇਰ ਕਲਾਂ ਨੇ ਮੈਚ ਜਿੱਤੇ। ਇਸੇ ਤਰ੍ਹਾਂ ਬੈਡਮਿੰਟਨ ਵਿੱਚ ਉਦੈ ਪ੍ਰਤਾਪ, ਰਿਹਾਨ, ਫਾਹਦ ਅਤੇ ਹਸਨ ਅਗਲੇ ਗੇੜ ਵਿੱਚ ਪੁੱਜੇ। ਇਸ ਮੌਕੇ ਮਿਊਂਸਿਪਲ ਕਮੇਟੀ ਪ੍ਰਧਾਨ ਅਖ਼ਤਰੀ ਖਾਤੂਨ ਦੇ ਪਤੀ ਮੁਹੰਮਦ ਹਨੀਫ, ਸਰਪੰਚ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਡੀ ਐੱਮ ਸਪੋਰਟਸ ਕੁਲਦੀਪ ਚੁੱਘ, ਸੀਨੀਅਰ ਬਾਕਸਿੰਗ ਕੋਚ ਮੁਹੰਮਦ ਹਬੀਬ ਹਾਜ਼ਰ ਸਨ।

