DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪਹਿਲਕਦਮੀ

ਮੰਤਰੀ ਨੇ ਪਿੰਡ ਕੜੈਲ ’ਚ ਇਨਲੈੱਟ ਗੇਟ ਦਾ ਨੀਂਹ ਪੱਥਰ ਰੱਖਿਆ; ਸਿੱਧਾ ਘੱਗਰ ’ਚ ਛੱਡਿਆ ਜਾ ਸਕੇਗਾ ਮੀਂਹ ਦਾ ਪਾਣੀ

  • fb
  • twitter
  • whatsapp
  • whatsapp
featured-img featured-img
ਪਿੰਡ ਕੜੈਲ ਵਿੱਚ ਨੀਂਹ ਪੱਥਰ ਰੱਖਣ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਹੋਰ।
Advertisement

ਲਹਿਰਾਗਾਗਾ/ਮੂਨਕ (ਰਮੇਸ਼ ਭਾਰਦਵਾਜ/ਕਰਮਵੀਰ ਸਿੰਘ ਸੈਣੀ): ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਨੇੜਲੇ ਪਿੰਡ ਕੜੈਲ ਵਿੱਚ ਘੱਗਰ ਦਰਿਆ ਦੀ ਬੁਰਜੀ 3900 ਆਰ ਡੀ ਉੱਤੇ ਇਨਲੈੱਟ ਗੇਟ ਦਾ ਨੀਂਹ ਪੱਥਰ ਰੱਖਿਆ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਲਾਕੇ ਦੇ ਕਿਸਾਨਾਂ ਲਈ ਲੰਮੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਵੱਡਾ ਕਦਮ ਚੁੱਕਿਆ ਹੈ। ਮੀਂਹ ਦੇ ਦਿਨਾਂ ਵਿੱਚ ਇਲਾਕੇ ਦੇ ਕਈ ਪਿੰਡਾਂ ਦਾ 1000 ਏਕੜ ਤੋਂ ਵੱਧ ਰਕਬਾ ਪਾਣੀ ਵਿੱਚ ਡੁੱਬ ਜਾਂਦਾ ਹੈ, ਜਿਸ ਨਾਲ ਵੱਡਾ ਨੁਕਸਾਨ ਹੁੰਦਾ ਹੈ। ਨਵੇਂ ਇਨਲੈੱਟ ਗੇਟ ਰਾਹੀਂ ਮੀਂਹ ਦਾ ਪਾਣੀ ਸਿੱਧਾ ਘੱਗਰ ਦਰਿਆ ਵਿੱਚ ਛੱਡਿਆ ਜਾ ਸਕੇਗਾ। ਇਹ ਪ੍ਰਾਜੈਕਟ 32 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਇਸ ਨੂੰ ਡੇਢ ਮਹੀਨੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਇਲਾਕਾ ਵਾਸੀਆਂ ਦੀ ਵੱਡੀ ਮੰਗ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ।

Advertisement

ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਘੱਗਰ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਪਿਛਾਂਹ ਹੋ ਗਿਆ ਹੈ। ਉਨ੍ਹਾਂ ਮਗਨਰੇਗਾ ਯੋਜਨਾ ਵਿੱਚ ਕੀਤੇ ਬਦਲਾਅ ਨੂੰ ਗਰੀਬ ਕਿਰਤੀ ਲੋਕਾਂ ਤੋਂ ਰੁਜ਼ਗਾਰ ਖੋਹਣ ਦੀ ਕੋਝੀ ਸਾਜ਼ਿਸ਼ ਕਰਾਰ ਦਿੱਤਾ। ਘੱਗਰ ਦਰਿਆ ਦੀ ਹਾਲਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਖੇਤਰ ਹਰ ਸਾਲ ਹੜ੍ਹਾਂ ਦੀ ਮਾਰ ਝੱਲਦਾ ਹੈ। ਇਸ ਵਾਰ ਵੀ ਘੱਗਰ ਵਿੱਚ ਪਾਣੀ 753 ਫੁੱਟ ਤੱਕ ਚੜ੍ਹ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕੀਤੇ ਅਗਾਊਂ ਪ੍ਰਬੰਧਾਂ ਸਦਕਾ ਵੱਡਾ ਨੁਕਸਾਨ ਹੋਣੋ ਟਲ਼ ਗਿਆ।

Advertisement

ਮੰਤਰੀ ਨੇ ਲਾਭਪਾਤਰੀਆਂ ਨੂੰ ਪੱਕੇ ਘਰਾਂ ਦੇ ਚੈੱਕ ਵੰਡੇ

ਮੂਨਕ (ਪੱਤਰ ਪ੍ਰੇਰਕ): ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸ਼ਹਿਰ ਮੂਨਕ ਵਿੱਚ 149 ਲਾਭਪਾਤਰੀਆਂ ਨੂੰ ਪੱਕੇ ਘਰ ਬਣਾਉਣ ਲਈ 3 ਕਰੋੜ 72 ਲੱਖ 50 ਹਜ਼ਾਰ ਰੁਪਏ ਦੇ ਚੈੱਕ ਵੰਡੇ। ਸਮਾਗਮ ਦੌਰਾਨ ਹਰੇਕ ਲਾਭਪਾਤਰੀ ਨੂੰ ਢਾਈ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਚੈੱਕ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ, “ਲੋਕਾਂ ਨੂੰ ਛੱਤ ਮੁਹੱਈਆ ਕਰਵਾਉਣਾ ਹਰ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੀ ਹੈ।” ਉਨ੍ਹਾਂ ਕਿਹਾ, “ਇਹ ਤੁਹਾਡਾ ਹੀ ਪੈਸਾ ਹੈ, ਜੋ ਟੈਕਸਾਂ ਰਾਹੀਂ ਇਕੱਠਾ ਹੁੰਦਾ ਹੈ ਅਤੇ ਅੱਜ ਅਸੀਂ ਉਸੇ ਪੈਸੇ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਸਿੱਧਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪਹਿਲਾਂ ਇੱਕ ਘਰ ਲਈ ਸਿਰਫ਼ ਡੇਢ ਲੱਖ ਰੁਪਏ ਮਿਲਦੇ ਸਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਇਸ ਰਾਸ਼ੀ ਨੂੰ ਵਧਾ ਕੇ ਢਾਈ ਲੱਖ ਰੁਪਏ ਕਰ ਦਿੱਤਾ ਹੈ ਤਾਂ ਜੋ ਮਹਿੰਗਾਈ ਦੇ ਇਸ ਦੌਰ ਵਿੱਚ ਵੀ ਤੁਹਾਨੂੰ ਪੱਕਾ ਅਤੇ ਮਜ਼ਬੂਤ ਘਰ ਮਿਲ ਸਕੇ।” ਕੈਬਨਿਟ ਮੰਤਰੀ ਨੇ ਭਰੋਸਾ ਦਿਵਾਉਂਦਿਆਂ ਕਿਹਾ, “ਅਸੀਂ ਰਾਜਨੀਤੀ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਆਏ ਹਾਂ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਵਿੱਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਚਾਹੇ ਮੁਫ਼ਤ ਬਿਜਲੀ ਹੋਵੇ, ਮੁਹੱਲਾ ਕਲੀਨਿਕ ਹੋਣ ਜਾਂ ਘਰ-ਘਰ ਨੌਕਰੀ, ਸਾਡੀ ਸਰਕਾਰ ਵਾਅਦੇ ਨਿਭਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਅੱਜ ਇਹ ਘਰਾਂ ਦੀ ਗਰਾਂਟ ਵੀ ਉਸੇ ਵਿਸ਼ਵਾਸ ਦਾ ਹਿੱਸਾ ਹੈ।” ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ੀ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਅਤੇ ਜਲਦੀ ਤੋਂ ਜਲਦੀ ਆਪਣੇ ਘਰਾਂ ਦੀ ਉਸਾਰੀ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਖੜ੍ਹੀ ਹੈ ਅਤੇ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।

Advertisement
×