ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਅਨੁਸਾਰ ਮਗਨਰੇਗਾ ਮੁਲਾਜ਼ਮਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਦਿਆਂ ਵਿਭਾਗ ਦੇ ਤਾਨਾਸ਼ਾਹੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ।
ਮਗਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਰਣਧੀਰ ਸਿੰਘ ਧੀਮਾਨ ਤੇ ਸੰਜੀਵ ਕਾਕੜਾ ਨੇ ਦੱਸਿਆ ਕਿ ਮਗਨਰੇਗਾ ਕਰਮਚਾਰੀ ਹੱਕੀ ਮੰਗਾਂ ਲਈ ਬੀਤੀ 1 ਜੂਨ ਤੋਂ ਕਲਮ ਛੋੜ ਹੜਤਾਲ ’ਤੇ ਹਨ। ਵਿਭਾਗ ਦੇ ਉੱਚ ਅਧਿਕਾਰੀ ਮਸਲਾ ਹਮਦਰਦੀ ਨਾਲ ਵਿਚਾਰਨ ਦੀ ਥਾਂ ਨਿੱਤ ਨਵੇਂ ਮੁਲਾਜ਼ਮ ਮਾਰੂ ਪੱਤਰ ਜਾਰੀ ਕਰ ਰਹੇ ਹਨ। ਬੀਤੇ ਦਿਨ ਵੀ ਅਫਸਰਸ਼ਾਹੀ ਵੱਲੋਂ ਮਗਨਰੇਗਾ ਕਰਮਚਾਰੀਆ ਦੀ ਚੱਲ ਰਹੀ ਹੜਤਾਲ ਦੌਰਾਨ ਨੋ ਵਰਕ ਨੋ ਪੇਅ ਅਤੇ ਪੰਚਾਇਤ ਵਿਕਾਸ ਸਕੱਤਰਾਂ ਨੂੰ ਮਗਨਰੇਗਾ ਦੀ ਟ੍ਰੇਨਿੰਗ ਦੇਣ ਦੇ ਪੱਤਰ ਜਾਰੀ ਕੀਤੇ ਹਨ, ਜਿਸ ਕਾਰਨ ਮੁਲਾਜ਼ਮਾਂ ’ਚ ਰੋਸ ਹੈ।
ਆਗੂਆਂ ਨੇ ਦੱਸਿਆ ਕਿ 23 ਜੂਨ ਨੂੰ ਦਿੜਬਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਦਫ਼ਤਰ ਦੇ ਘਿਰਾਓ ਦੌਰਾਨ ਪ੍ਰਸ਼ਾਸਨ ਨੇ 2 ਜੁਲਾਈ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਸੀ ਪਰ ਹੁਣ ਫ਼ਿਰ ਤਾਨਾਸ਼ਾਹੀ ਪੱਤਰ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਵਿਭਾਗ ਦੀ ਅਫਸਰਸ਼ਾਹੀ ਨੇ ਵਧੀਕੀਆਂ ਜਾਰੀ ਰੱਖੀਆਂ ਅਤੇ ਸਰਕਾਰ ਨੇ ਟਾਲ-ਮਟੋਲ ਦੀ ਨੀਤੀ ਛੱਡ ਕੇ ਮਗਨਰੇਗਾ ਮੁਲਜ਼ਮਾਂ ਨੂੰ ਪੰਚਾਇਤੀ ਵਿਭਾਗ ਵਿੱਚ ਮਰਜ਼ ਕਰ ਕੇ ਨੌਕਰੀਆਂ ਪੱਕੀਆਂ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਮਨਪ੍ਰੀਤ ਕੌਰ, ਗੁਰਜੀਤ ਕੌਰ, ਬਿੱਕਰ ਸਿੰਘ ਕਮਾਲਪੁਰ, ਬਲਜੀਤ ਸਿੰਘ ਨੱਤ, ਜਸਵੀਰ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ ਅਤੇ ਸੁਖਦੇਵ ਸਿੰਘ ਹਾਜ਼ਰ ਸਨ।
