ਵਾਅਦਾ ਚੇਤੇ ਕਰਵਾਉਣ ਲਈ ਡੀ ਸੀ ਨਾਲ ਮੀਟਿੰਗ
ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ 63 ਦਿਨਾਂ ਤੋਂ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰ, ਮੀਟਿੰਗ ਦਾ ਵਾਅਦਾ ਚੇਤੇ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਤੁਰੰਤ ਸਕੱਤਰ ਸਿੱਖਿਆ ਵਿਭਾਗ ਪੰਜਾਬ ਨਾਲ ਮੀਟਿੰਗ ਤੈਅ ਕਰਵਾਉਣ ਦੀ ਮੰਗ ਕੀਤੀ। ਬੇਰੁਜ਼ਗਾਰਾਂ ਨੇ...
ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ 63 ਦਿਨਾਂ ਤੋਂ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰ, ਮੀਟਿੰਗ ਦਾ ਵਾਅਦਾ ਚੇਤੇ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਤੁਰੰਤ ਸਕੱਤਰ ਸਿੱਖਿਆ ਵਿਭਾਗ ਪੰਜਾਬ ਨਾਲ ਮੀਟਿੰਗ ਤੈਅ ਕਰਵਾਉਣ ਦੀ ਮੰਗ ਕੀਤੀ। ਬੇਰੁਜ਼ਗਾਰਾਂ ਨੇ ਡੀ ਸੀ ਦਫ਼ਤਰ ਅੱਗੇ ਪੱਕੇ ਮੋਰਚੇ ਦੇ ਨੇੜੇ ਕੂੜੇ ਦੇ ਢੇਰਾਂ ਨੂੰ ਚੁੱਕਵਾਉਣ ਦੀ ਵੀ ਮੰਗ ਕੀਤੀ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੀ 18 ਫਰਵਰੀ ਨੂੰ ਸਕੱਤਰ ਸਿੱਖਿਆ ਵਿਭਾਗ ਸੋਨਾਲੀ ਗਿਰੀ ਨਾਲ ਬੇਰੁਜ਼ਗਾਰਾਂ ਦੇ ਵਫ਼ਦ ਦੀ ਮੀਟਿੰਗ ਹੋਈ ਸੀ ਜਿਨ੍ਹਾਂ ਵਾਅਦਾ ਕੀਤਾ ਸੀ ਕਿ ਆਉਂਦੇ ਇੱਕ ਹਫਤੇ ਬਾਅਦ ਮੁੜ ਬੇਰੁਜ਼ਗਾਰਾਂ ਦੀ ਮੀਟਿੰਗ ਬੁਲਾਈ ਜਾਵੇਗੀ। ਅੱਜ ਜਦੋਂ ਇੱਕ ਹਫਤੇ ਦਾ ਸਮਾਂ ਪੂਰਾ ਹੋ ਚੁੱਕਾ ਹੈ ਤਾਂ ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਰਾਹੀਂ ਮੁੜ ਸਿੱਖਿਆ ਸਕੱਤਰ ਨੂੰ ਵਾਅਦਾ ਚੇਤੇ ਕਰਵਾਇਆ।
ਇਸ ਤੋਂ ਇਲਾਵਾ ਬੇਰੁਜ਼ਗਾਰਾਂ ਨੇ ਸਥਾਨਕ ਡੀ ਸੀ ਕੰਪਲੈਕਸ ਬਾਹਰ ਅਤੇ ਪੱਕੇ ਮੋਰਚੇ ਨੇੜੇ ਫੈਲੇ ਗੰਦਗੀ ਦੇ ਢੇਰਾਂ ਨੂੰ ਹਟਾਉਣ ਬਾਰੇ ਵੀ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੱਕੇ ਮੋਰਚੇ ਨੇੜੇ ਫੈਲੀ ਗੰਦਗੀ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਸਿੱਖਿਆ ਸਕੱਤਰ ਸੋਨਾਲੀ ਗਿਰੀ ਤੱਕ ਭੇਜੀ। ਉਨ੍ਹਾਂ ਨਾਲ ਹੀ ਮੋਰਚੇ ਨੇੜੇ ਗੰਦਗੀ ਨੂੰ ਚੁੱਕਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬੇਰੁਜ਼ਗਾਰ ਮਨਜੀਤ ਕੌਰ ਅਤੇ ਰਾਜਵੀਰ ਕੌਰ ਆਦਿ ਹਾਜ਼ਰ ਸਨ।

