ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਸਤੰਬਰ
ਮੰਡੀਆਂ ’ਚ ਝੋਨੇ ਦੀ ਫ਼ਸਲ ਆਉਣ ਤੋਂ ਪਹਿਲਾਂ ਹੀ ਅਨਾਜ ਮੰਡੀਆਂ ਦੇ ਮਜ਼ਦੂਰਾਂ ਵੱਲੋਂ ਇੱਕ ਦਿਨਾਂ ਹੜਤਾਲ ਕਰ ਕੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਮੰਡੀ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 25 ਫੀਸਦੀ ਭੱਤਾ ਨਾ ਵਧਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅਨਾਜ ਮੰਡੀਆਂ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾਵੇਗੀ। ਮੰਡੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਨੀ ਖਟਕ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਰਾਜੂ ਅਤੇ ਸੂਬਾ ਆਗੂ ਜਰਨੈਲ ਸਿੰਘ ਨੇ ਦੱਸਿਆ ਕਿ ਸਾਲ 2011 ਵਿੱਚ ਬਾਦਲ ਸਰਕਾਰ ਸਮੇਂ ਮਜ਼ਦੂਰੀ ਵਿੱਚ 25% ਵਾਧਾ ਕੀਤਾ ਗਿਆ ਸੀ ਪਰ ਬਾਅਦ ’ਚ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੌਜੂਦਾ ਸਾਲ 2023 ਵਿੱਚ ਪੰਜਾਬ ਦੇ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ 25 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਸੀ, ਪਰ ਉਦੋਂ ਭਾਰੀ ਨਿਰਾਸ਼ਾ ਪੱਲੇ ਪਈ ਜਦੋਂ ਮੰਡੀ ਬੋਰਡ ਵੱਲੋਂ ਸਿਰਫ 8 ਪੈਸੇ (0.93%) ਦਾ ਹੀ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੰਡੀ ਮਜ਼ਦੂਰ ਯੂਨੀਅਨ ਦੇ ਆਗੂ ਕਰੀਬ ਸਾਰੇ ਹੀ ਵਿਧਾਇਕਾਂ ਅਤੇ ਮੁੱਖ ਮੰਤਰੀ ਹਾਊਸ ’ਤੇ ਵਿਸ਼ੇਸ਼ ਸਕੱਤਰ ਨਵਰਾਜ ਸਿੰਘ ਬਰਾੜ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਜਲਦੀ ਮੀਟਿੰਗ ਦਾ ਸਮਾਂ ਦੇ ਕੇ ਮਸਲੇ ਦਾ ਹੱਲ ਕਰਨ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਮਜ਼ਦੂਰ ਯੂਨੀਅਨ ਸੁਨਾਮ ਵੱਲੋਂ ਪ੍ਰਧਾਨ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਸੂਬਾਈ ਜਥੇਬੰਦੀ ਦੇ ਸੱਦੇ ’ਤੇ ਮੰਡੀ ’ਚ ਕੰਮਕਾਜ ਠੱਪ ਕਰਕੇ ਆਪਣੀਆਂ ਮੰਗਾਂ ਦੇ ਹੱਕ ’ਚ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਦੀਪਕ ਨਾਗਰ, ਅਸ਼ੋਕ ਅੰਦੋਲਨ, ਸੰਜੇ ਕੁਮਾਰ, ਕਰਮਵੀਰ ਕਰਮਾ, ਅਨਿਲ ਕੁਮਾਰ ਅਤੇ ਸ਼ਵੀ ਕੁਮਾਰ ਹਾਜ਼ਰ ਸਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਗੱਲਾ ਮਜ਼ਦੂਰ ਯੂਨੀਅਨ ਬਲਾਕ ਭਵਾਨੀਗੜ੍ਹ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਗਏ ਹਨ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।