DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਲਿਕਾ-ਏ-ਤਰੰਨੁਮ ਨੂਰ ਜਹਾਂ

ਮਲਿਕਾ-ਏ-ਤਰੰਨੁਮ ਦੇ ਨਾਂ ਨਾਲ ਜਾਣੀ ਜਾਂਦੀ ਪੰਜਾਬੀ ਅਤੇ ਉਰਦੂ ਦੀ ਪ੍ਰਸਿੱਧ ਗਾਇਕਾ ਨੂਰ ਜਹਾਂ (ਅੱਲਾ ਵਸਾਈ) ਨੇ ਉਰਦੂ, ਪੰਜਾਬੀ ਅਤੇ ਸਿੰਧੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਲਗਭਗ 30,000 ਗੀਤ ਰਿਕਾਰਡ ਕੀਤੇ। ਉਸ ਨੂੰ ਪੂਰਬ ਦੀ ਕੋਇਲ, ਕੁਈਨ ਆਫ ਹਾਰਟਸ ਅਤੇ ਪੰਜਾਬ...

  • fb
  • twitter
  • whatsapp
  • whatsapp
Advertisement

ਮਲਿਕਾ-ਏ-ਤਰੰਨੁਮ ਦੇ ਨਾਂ ਨਾਲ ਜਾਣੀ ਜਾਂਦੀ ਪੰਜਾਬੀ ਅਤੇ ਉਰਦੂ ਦੀ ਪ੍ਰਸਿੱਧ ਗਾਇਕਾ ਨੂਰ ਜਹਾਂ (ਅੱਲਾ ਵਸਾਈ) ਨੇ ਉਰਦੂ, ਪੰਜਾਬੀ ਅਤੇ ਸਿੰਧੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਲਗਭਗ 30,000 ਗੀਤ ਰਿਕਾਰਡ ਕੀਤੇ। ਉਸ ਨੂੰ ਪੂਰਬ ਦੀ ਕੋਇਲ, ਕੁਈਨ ਆਫ ਹਾਰਟਸ ਅਤੇ ਪੰਜਾਬ ਦੀ ਕੋਇਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਪਿੱਠਵਰਤੀ ਗਾਇਕਾ, ਸੰਗੀਤ ਕੰਪੋਜ਼ਰ, ਅਭਿਨੇਤਰੀ ਅਤੇ ਨਿਰਦੇਸ਼ਕ ਵਜੋਂ ਜਾਣੀ ਜਾਂਦੀ ਨੂਰ ਜਹਾਂ ਦਾ ਜਨਮ ਦੇਸ਼ ਦੀ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਸ਼ਹਿਰ ਕਸੂਰ ਦੇ ਇੱਕ ਮੁਹੱਲੇ ਵਿੱਚ 21 ਸਤੰਬਰ 1926 ਨੂੰ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ। ਇਹ ਘਰਾਣਾ ਸ਼ੁਰੂ ਤੋਂ ਹੀ ਸੰਗੀਤ ਨਾਲ ਜੁੜਿਆ ਹੋਇਆ ਸੀ। ਇਸ ਲਈ ਨੂਰ ਜਹਾਂ ਨੇ ਮਹਿਜ਼ 5-6 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਮਾਂ ਨੇ ਉਸ ਦਾ ਸ਼ੌਕ ਵੇਖ ਕੇ ਉਸ ਨੂੰ ਸੰਗੀਤ ਸਿੱਖਣ ਲਈ ਉਸਤਾਦ ਗ਼ੁਲਾਮ ਅਲੀ ਖ਼ਾਨ ਕੋਲ ਭੇਜ ਦਿੱਤਾ ਜਿੱਥੇ ਉਸ ਨੇ ਭਾਰਤੀ ਕਲਾਸੀਕਲ ਸੰਗੀਤ, ਠੁਮਰੀ, ਧਰੁਪਦ ਅਤੇ ਖਿਆਲ ਦੀ ਸਿੱਖਿਆ ਹਾਸਲ ਕੀਤੀ।

Advertisement

1930ਵਿਆਂ ਦੇ ਸ਼ੁਰੂ ਵਿੱਚ ਹੀ ਨੂਰ ਜਹਾਂ ਅਤੇ ਉਸ ਦੀਆਂ ਵੱਡੀਆਂ ਭੈਣਾਂ ਈਦੇਨ ਬਾਈ ਅਤੇ ਹੈਦਰ ਬੰਦੀ ਦੇ ਫਿਲਮੀਂ ਭਵਿੱਖ ਨੂੰ ਵਿਕਸਤ ਕਰਨ ਦੀ ਉਮੀਦ ਵਿੱਚ ਪੂਰਾ ਪਰਿਵਾਰ ਇੱਕ ਥੀਏਟਰ ਮਾਲਕ ਦੀਵਾਨ ਸਰਦਾਰੀ ਲਾਲ ਨਾਲ ਕਲਕੱਤਾ ਚਲਾ ਗਿਆ ਜਿੱਥੇ ਮੁਖਤਾਰ ਬੇਗ਼ਮ ਨੇ ਇਨ੍ਹਾਂ ਭੈਣਾਂ ਨੂੰ ਫਿਲਮੀਂ ਕੰਪਨੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ ਅਤੇ ਉਨ੍ਹਾਂ ਲਈ ਵੱਖ ਵੱਖ ਨਿਰਮਾਤਾਵਾਂ ਨੂੰ ਸਿਫਾਰਸ਼ ਕੀਤੀ। ਨੂਰ ਜਹਾਂ ਦਾ ਜ਼ਿਆਦਾ ਬਚਪਨ ਕਲਕੱਤੇ ਵਿੱਚ ਹੀ ਬੀਤਿਆ ਅਤੇ ਸ਼ੁਰੂ ਤੋਂ ਹੀ ਸੰਗੀਤਮਈ ਮਾਹੌਲ ਵਿੱਚ ਰਹਿਣ ਕਾਰਨ ਛੇ ਵਰ੍ਹਿਆਂ ਦੀ ਛੋਟੀ ਉਮਰ ਵਿੱਚ ਇਸ ਨੇ ਬੇਬੀ ਨੂਰ ਜਹਾਂ ਦੇ ਨਾਂ ਨਾਲ ਫਿਲਮਾਂ ਵਿੱਚ ਅਦਾਕਾਰੀ ਕਰਨੀ ਆਰੰਭ ਕੀਤੀ ।1935 ਵਿੱਚ ਕੇ.ਡੀ. ਮਹਿਰਾ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ ‘ਪਿੰਡ ਦੀ ਕੁੜੀ’ ਵਿੱਚ ਨੂਰ ਜਹਾਂ ਨੇ ਆਪਣੀਆਂ ਭੈਣਾਂ ਨਾਲ ਬਹੁਤ ਵਧੀਆ ਭੂਮਿਕਾ ਅਦਾ ਕੀਤੀ ਅਤੇ ਇਸ ਫਿਲਮ ਲਈ ਗੀਤ ਵੀ ਗਾਇਆ, ਜਿਸ ਦੇ ਬੋਲ ਸਨ;

Advertisement

ਮੇਰੇ ਗਲ ਵਿੱਚ ਸੂਹੀ ਸੂਹੀ ਅੰਗੀ ਆਂ

ਵੇ ਮੈਂ ਨਾਲ ਢੋਲੇ ਦੇ ਮੰਗੀ ਆਂ।

ਚਾਹੇ ਚੰਗੀ ਆਂ ਚਾਹੇ ਮੰਦੀ ਆਂ, ਓ ਯਾਰ!

ਲੰਘ ਆ ਜਾ ਪੱਤਣ ਝਨਾਂ ਦਾ।

ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ।

ਲੰਘ ਆ ਜਾ ਪੱਤਣ ਝਨਾਂ ਦਾ।

ਇਹ ਉਸ ਦੀ ਸ਼ੁਰੂਆਤੀ ਹਿੱਟ ਫਿਲਮ ਬਣ ਗਈ। ਫਿਰ ਉਸ ਨੇ ਉਸੇ ਕੰਪਨੀ ਦੁਆਰਾ ‘ਮਿਸਰ ਕਾ ਸਿਤਾਰਾ’ (1936) ਨਾਮ ਦੀ ਇੱਕ ਫਿਲਮ ਵਿੱਚ ਕੰਮ ਕੀਤਾ ਅਤੇ ਇਸ ਵਿੱਚ ਉਸ ਨੇ ਸੰਗੀਤਕਾਰ ਦਮੋਦਰ ਸ਼ਰਮਾ ਲਈ ਗਾਇਆ। ਨੂਰ ਜਹਾਂ ਨੇ ‘ਹੀਰ-ਸਿਆਲ’ (1937) ਫਿਲਮ ਵਿੱਚ ਹੀਰ ਦੀ ਬਾਲ ਭੂਮਿਕਾ ਬਾਖੂਬੀ ਨਿਭਾਈ। ਨੂਰ ਜਹਾਂ ਨੇ ਚਾਹੇ ਆਪਣੇ ਭਵਿੱਖ ਦੀ ਸ਼ੁਰੂਆਤ ਬਤੌਰ ਗਾਇਕਾ ਹੀ ਕੀਤੀ ਸੀ, ਪਰ ਬਾਅਦ ਵਿੱਚ ਉਸ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਚੰਗਾ ਨਾਮਣਾ ਖੱਟਿਆ। ਸ਼ੁਰੂ ਸ਼ੁਰੂ ਵਿੱਚ ਉਸ ਨੇ ਪੰਜਾਬੀ ਫਿਲਮਾਂ ਵਿੱਚ ਹੀ ਕੰਮ ਕੀਤਾ, ਪਰ ਬਾਅਦ ਵਿੱਚ ਉਸ ਨੇ ਹਿੰਦੀ ਫਿਲਮਾਂ ਵਿੱਚ ਵੀ ਜ਼ੋਰ ਅਜ਼ਮਾਈ ਕੀਤੀ। ਫਿਰ ਉਹ ਆਪਣੀ ਪਹਿਲੀ ਹਿੰਦੀ ਫਿਲਮ ‘ਖ਼ਾਨਦਾਨ’ ਵਿੱਚ ਵੀ ਸਫਲ ਰਹੀ। 1947 ਵਿੱਚ ਹੋਏ ਦੇਸ਼ ਦੇ ਬਟਵਾਰੇ ਸਮੇਂ ਉਸ ਨੂੰ ਆਪਣੇ ਪਤੀ ਸ਼ੌਕਤ ਹੁਸੈਨ ਰਿਜ਼ਵੀ ਨਾਲ ਪਾਕਿਸਤਾਨ ਜਾਣਾ ਪਿਆ ਅਤੇ ਲਾਹੌਰ ਵਿਖੇ ਰਹਿਣ ਲਗੀ। ਇੱਥੇ ਵੀ ਉਸ ਨੇ ਫਿਲਮਾਂ ਵਿੱਚ ਕੰਮ ਕਰਨਾ ਅਤੇ ਗੀਤ ਗਾਉਣੇ ਜਾਰੀ ਰੱਖੇ। ਨੂਰ ਜਹਾਂ ਦੇ ਗੀਤ ਫ਼ਕੀਰਾਂ ਦੀਆਂ ਦੁਆਵਾਂ ਵਾਂਗ ਸਨ। ਉਸ ਦੇ ਗੀਤਾਂ ਵਿੱਚ ਕਦੇ ਕਦੇ ਉਜਾੜਾਂ ਦੀ ਇਕੱਲ ਕੂਕਦੀ ਸੀ ਅਤੇ ਫ਼ਨਾ ਦੇ ਮੁਕਾਮ ਵੱਲ ਲੰਬੇ ਪੈਂਡੇ ਤੈਅ ਕਰਦੀ ਸੀ;

ਤੇਰੀਆਂ ਨੇ ਰਾਹਵਾਂ, ਮੇਰੀਆਂ ਨਿਗਾਹਾਂ

ਅੱਲਾ ਦੀ ਸਹੁੰ ਤੂੰ ਨਹੀਂ ਦਿਸਦਾ

ਇਹ ਨਿਰੀ ਇੱਕ ਮਿੱਠੀ ਫਿਲਮੀ ਤਰਜ਼ ਨਹੀਂ ਸਗੋਂ ਇਨ੍ਹਾਂ ਲਫ਼ਜ਼ਾਂ ਵਿੱਚ ਨੂਰ ਜਹਾਂ ਉੱਜੜੀਆਂ ਥਾਵਾਂ ਦੀ ਦਾਸਤਾਨ ਬਿਆਨ ਕਰਦੀ ਪ੍ਰਤੀਤ ਹੁੰਦੀ ਸੀ। ਉਸ ਦੀ ਆਵਾਜ਼ ਵਿੱਚ ਜਿੱਥੇ ਮਾਰੂਥਲ ਦੀ ਇਕੱਲ ਦਾ ਸਹਿਮ ਸੀ, ਉੱਥੇ ਕਿਸੇ ਗ਼ੈਬੀ ਹੁਸਨ ਦੀ ਧਮਾਲ ਪੈਣ ਵਾਂਗ ਵੀ ਸੀ;

ਜਾ ਕੇ ਮੁੜ ਨਹੀਂ ਆਉਣੀ, ਜਾ ਕੇ ਜਿਵੇਂ ਜਵਾਨੀ

ਜਿਹੇ ਲਫਜ਼ਾਂ ਵਿੱਚ ਨੂਰ ਜਹਾਂ ਨੇ ਸ਼ੇਖ਼ ਫ਼ਰੀਦ ਹੋਰਾਂ ਦੀ ਉਸ ਖੇਡ ਨੂੰ ਸਮੇਟ ਲਿਆ ਜਿਹੜੀ ਰੂਹ ਨੂੰ ਫ਼ਨਾ ਦੇ ਮੁਕਾਮ ਉੱਤੇ ਕੁਦਰਤ ਦਾ ਨੂਰ ਬਖ਼ਸ਼ਦੀ ਹੈ। ਨੂਰ ਜਹਾਂ ਜਦੋਂ ਅਰਜ਼ ਕਰਦੀ ਸੀ ਤਾਂ ਉਸ ਨੂੰ ਇੱਕ ਅਜਿਹਾ ਰੰਗ ਚੜ੍ਹਦਾ ਸੀ ਜਿਸ ਵਿੱਚ ਮਹਾਨ ਸੂਫ਼ੀ ਫਕੀਰਾਂ ਵਰਗੀ ਉੱਚੀ ਤੇ ਸੁੱਚੀ ਰਮਜ਼ ਸੀ। ਉਹ ਅਨੇਕ ਰੰਗਾਂ ਵਿੱਚ ਗਾਉਂਦੀ ਸੀ। ‘ਕਿੱਕਲੀ ਕਲੀਰ’ ਤੋਂ ਸ਼ੁਰੂ ਹੋ ਕੇ ਜੁਆਨੀ ਚੜ੍ਹਨ ਤੱਕ ਦੇ ਕਹਿਰ ਨੂੰ ਜਦੋਂ ਉਹ ਆਪਣੀ ਆਵਾਜ਼ ਵਿੱਚ ਗਾਉਂਦੀ ਸੀ ਤਾਂ ਮੇਲਿਆਂ ਅਤੇ ਜੰਝਾਂ ਵਿੱਚ ਪੈਂਦੀ ਧਮਾਲ ਦੇ ਤਾਲ ਦਰਿਆ ਵਾਂਗ ਉਸ ਦੇ ਜ਼ਹਿਨ ਵਿੱਚ ਛਾਲਾਂ ਮਾਰਦੇ ਸਨ। ਉਸ ਦੀ ਆਵਾਜ਼ ਵਿੱਚ ਨਿੱਕੀਆਂ ਨਿੱਕੀਆਂ ਚੰਚਲ ਅਦਾਵਾਂ, ਬਚਪਨ ਦੀਆਂ ਖੇਡਾਂ, ਜੁਆਨੀ, ਨਖਰੇ, ਹੁਸਨ ਅਤੇ ਡਰ ਰਿਹਾ ਹਿਜ਼ਰ ਸਾਫ਼ ਝਲਕਾਰੇ ਮਾਰਦਾ ਸੀ। ਸੂਰਬੀਰਾਂ ਤੇ ਯੋਧਿਆਂ ਲਈ ਗਾਏ ਉਸ ਦੇ ਗੀਤ ਉਸ ਨੂੰ ਅਮਰ ਕਰ ਗਏ;

ਇਹ ਪੁੱਤਰ ਹੱਟਾਂ ’ਤੇ ਨਹੀਂ ਵਿਕਦੇ

ਤੂੰ ਲੱਭਦੀ ਫਿਰੇ ਬਜ਼ਾਰ ਕੁੜੇ।

ਇਹ ਸੌਦਾ ਨਕਦ ਵੀ ਨਹੀਂ ਮਿਲਦਾ

ਤੂੰ ਲੱਭਦੀ ਫਿਰੇਂ ਉਧਾਰ ਕੁੜੇ।

ਸੰਨ 1982 ਵਿੱਚ 35 ਸਾਲ ਮਗਰੋਂ ਜਦੋਂ ਉਹ ਮੁੰਬਈ ਆਈ ਤਾਂ ਉਸ ਨੇ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਨਿਹਾਲ ਕੀਤਾ ਅਤੇ ਇੱਕ ਵਾਰੀ ਫਿਰ ਪੁਰਾਣੇ ਜ਼ਮਾਨੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਨੂਰ ਜਹਾਂ ਨੂੰ ਆਪਣੇ ਸਮੇਂ ਦੀਆਂ ਗਾਇਕਾਵਾਂ ਮੁਖ਼ਤਿਆਰ ਬੇਗ਼ਮ, ਕਜਕ ਬਾਈ, ਸੁਰੱਈਆ ਅਤੇ ਬੇਗ਼ਮ ਅਖ਼ਤਰ ਆਦਿ ਨਾਲੋਂ ਵੱਧ ਪ੍ਰਸਿੱਧੀ ਮਿਲੀ। ਲਤਾ ਮੰਗੇਸ਼ਕਰ ਬਚਪਨ ਤੋਂ ਹੀ ਉਸ ਦੀ ਗਾਇਕੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ। ਨੂਰ ਜਹਾਂ ਸਿਰਫ਼ ਉੱਘੀ ਗਾਇਕਾ ਅਤੇ ਹਰਮਨਪਿਆਰੀ ਨਾਇਕਾ ਹੀ ਨਹੀਂ ਸੀ ਸਗੋਂ ਇੱਕ ਮਿਲਣਸਾਰ, ਨਰਮ ਦਿਲ, ਸਮਾਜ ਸੇਵੀ ਅਤੇ ਖ਼ੁਸ਼ ਤਬੀਅਤ ਔਰਤ ਵੀ ਸੀ ਜਿਸ ਦੇ ਮਨ ਵਿੱਚ ਪੱਛੜੇ ਲੋਕਾਂ ਲਈ ਹਮਦਰਦੀ ਸੀ। ਉਹ ਕਸੂਰ ਵਿਖੇ ਇੱਕ ਹਸਪਤਾਲ ਬਣਾਉਣਾ ਚਾਹੁੰਦੀ ਸੀ, ਪਰ ਇਸ ਕੰਮ ਲਈ ਵਕਤ ਨੇ ਉਸ ਦਾ ਸਾਥ ਨਹੀਂ ਦਿੱਤਾ। ਅਖੀਰ ਮਲਿਕਾ-ਏ-ਤਰੰਨੁਮ 23 ਦਸੰਬਰ 2000 ਨੂੰ 74 ਸਾਲ ਦੀ ਉਮਰ ਵਿੱਚ ਕਰਾਚੀ ਵਿਖੇ ਦੁਨੀਆ ਤੋਂ ਰੁਖ਼ਸਤ ਹੋ ਗਈ।

ਸੰਪਰਕ: 94179-90040

Advertisement
×