Malerkotla Police: ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਢਾਹੀਆਂ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਾਲੇਰਕੋਟਲਾ ਪੁਲੀਸ ਨੇ ਅੱਜ ਦੋ ਨਸ਼ਾ ਤਸਕਰਾਂ ਨਾਲ ਸਬੰਧਤ ਇਮਾਰਤਾਂ ਨੂੰ ਢਾਹ ਦਿੱਤਾ। ਇਹ ਕਾਰਵਾਈ ਮਾਲੇਰਕੋਟਲਾ ਸ਼ਹਿਰ ਦੇ ਮੁਹੱਲਾ ਬੈਰਾਗੀਆਂ ਅਤੇ ਸਾਈਂ ਬਾਬਾ ਮੰਦਰ ਨੇੜੇ ਸਥਿਤ ਜਾਇਦਾਦਾਂ ’ਤੇ ਕੀਤੀ ਗਈ। ਐੱਸ ਐੱਸ ਪੀ ਮਾਲੇਰਕੋਟਲਾ ਹਰਕਮਲ...
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਾਲੇਰਕੋਟਲਾ ਪੁਲੀਸ ਨੇ ਅੱਜ ਦੋ ਨਸ਼ਾ ਤਸਕਰਾਂ ਨਾਲ ਸਬੰਧਤ ਇਮਾਰਤਾਂ ਨੂੰ ਢਾਹ ਦਿੱਤਾ। ਇਹ ਕਾਰਵਾਈ ਮਾਲੇਰਕੋਟਲਾ ਸ਼ਹਿਰ ਦੇ ਮੁਹੱਲਾ ਬੈਰਾਗੀਆਂ ਅਤੇ ਸਾਈਂ ਬਾਬਾ ਮੰਦਰ ਨੇੜੇ ਸਥਿਤ ਜਾਇਦਾਦਾਂ ’ਤੇ ਕੀਤੀ ਗਈ। ਐੱਸ ਐੱਸ ਪੀ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਕੀਤੀ ਕਾਰਵਾਈ ਮੌਕੇ ਐੱਸ ਪੀ (ਡੀ) ਰਮਨਦੀਪ ਸਿੰਘ ਭੁੱਲਰ, ਡੀ ਐੱਸ ਪੀ ਮਾਨਵਜੀਤ ਸਿੰਘ ਅਤੇ ਸਬੰਧਤ ਥਾਣੇ ਦੇ ਐੱਸ ਐੱਚ ਓ ਦੀ ਅਗਵਾਈ ਹੇਠ ਪੁਲੀਸ ਟੀਮਾਂ ਮੌਜੂਦ ਸਨ।
ਐੱਸ ਐੱਸ ਪੀ ਹਰਕਮਲ ਪ੍ਰੀਤ ਸਿੰਘ ਖੱਖ ਮੁਤਾਬਿਕ ਜਿਨ੍ਹਾਂ ਦੀਆਂ ਜਾਇਦਾਦਾਂ ’ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਮੁਹੰਮਦ ਇਫ਼ਤਿਖਾਰ ਉਰਫ਼ ਤਾਰੂ ਖ਼ਾਨ ਅਤੇ ਫੈਸਲ ਖ਼ਾਨ ਉਰਫ਼ ਤਾਰੂ ਵਾਲਾ ਸ਼ਾਮਲ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਇਫ਼ਤਿਖਾਰ ਉਰਫ਼ ਤਾਰੂ ਖ਼ਾਨ ਖ਼ਿਲਾਫ਼ ਇਸੇ ਸਾਲ 9 ਸਤੰਬਰ ਨੂੰ 7 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਜਦੋਂਕਿ ਉਸ ਦੇ ਪੁੱਤਰ ਫੈਸਲ ਖ਼ਾਨ ਉਰਫ਼ ਤਾਰੂ ਵਾਲਾ ਖ਼ਿਲਾਫ਼ ਸਾਲ 2022 ਤੋਂ ਹੁਣ ਤੱਕ ਨਸ਼ਿਆਂ ਨਾਲ ਸਬੰਧਤ ਚਾਰ ਕੇਸ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 4.5 ਕਿਲੋ ਚਰਸ, 150 ਨਸ਼ੀਲੀਆਂ ਗੋਲੀਆਂ ਅਤੇ 7 ਗ੍ਰਾਮ ਹੈਰੋਇਨ ਦੀ ਬਰਾਮਦਗੀ ਨਾਲ ਸਬੰਧਤ ਕੇਸ ਸ਼ਾਮਲ ਹਨ। ਐੱਸ ਐੱਸ ਪੀ ਖੱਖ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਦੀ ਆਮਦਨ ਸਬੰਧੀ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਪੁਲੀਸ ਨੂੰ ਇਨ੍ਹਾਂ ਜਾਇਦਾਦਾਂ ਦੀ ਉਸਾਰੀ ਦੇ ਖ਼ਰਚੇ ਸਬੰਧੀ ਕੋਈ ਵਾਜਬ ਆਮਦਨ ਸਰੋਤ ਨਹੀਂ ਮਿਲਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਜਾਂ ਨਸ਼ਿਆਂ ਦੀ ਵਿੱਕਰੀ ਸਬੰਧੀ ਕੋਈ ਵੀ ਜਾਣਕਾਰੀ ਪੁਲੀਸ ਨਾਲ ਸਾਂਝੀ ਕੀਤੀ ਜਾਵੇ।

