Malerkotla news: ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਖ਼ਿਲਾਫ਼ ਮੁਜ਼ਾਹਰਾ
ਹੜਤਾਲ ਕਰ ਕੇ ਕੰਮ ਠੱਪ ਰੱਖਿਆ; ਇਤਰਾਜ਼ਯੋਗ ਸ਼ਬਦਾਵਲੀ ਵਰਤਣ ਖ਼ਿਲਾਫ਼ ਰੋਸ ਜਤਾਇਆ
ਡੀ ਸੀ ਦਫਤਰ ਐਂਪਲਾਈਜ਼ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਖ਼ਿਲਾਫ਼ ਵਿੱਢੇ ਸੰਘਰਸ਼ ਦੀ ਲੜੀ ਵਿਚ ਅੱਜ ਡੀ ਸੀ ਦਫਤਰ ਮਾਲੇਰਕੋਟਲਾ ਅਤੇ ਇਸ ਅਧੀਨ ਆਉਂਦੇ ਸਾਰੇ ਐੱਸ ਡੀ ਐੱਮ ਅਤੇ ਤਹਿਸੀਲ ਦਫਤਰਾਂ ਦੇ ਸਟਾਫ ਨੇ ਹੜਤਾਲ ਕਰ ਕੇ ਸਦਰ ਦਫ਼ਤਰ ਅੱਗੇ ਦਿਨ ਭਰ ਧਰਨਾ ਦਿੱਤਾ। ਕਰਮਚਾਰੀ ਡੀ ਸੀ ਵੱਲੋਂ ਕਥਿਤ ਤੌਰ ’ਤੇ ਦਫਤਰੀ ਮੁਲਾਜ਼ਮਾਂ ਖ਼ਿਲਾਫ਼ ਵਰਤੀ ਜਾਂਦੀ ਇਤਰਾਜ਼ਯੋਗ ਸ਼ਬਦਾਵਲੀ ਅਤੇ ਦਫ਼ਤਰ ਦੇ ਕਰਮਚਾਰੀਆਂ ਖ਼ਿਲਾਫ਼ ਕੀਤੀਆਂ ਗਈਆਂ ਕਥਿਤ ਨਾਜਾਇਜ਼ ਵਿਭਾਗੀ ਕਾਰਵਾਈਆਂ ਖਿਲਾਫ਼ ਸੰਘਰਸ਼ ਕਰ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਡੀ ਸੀ ਦਫਤਰ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਸ਼ਰਨਵੀਰ ਸਿੰਘ, ਅਮਿਤ ਗਰਗ, ਹਰਜੀਤ ਸਿੰਘ ਗਰੇਵਾਲ ਅਤੇ ਸੁਖਪਰੀਤ ਕੌਰ ਆਦਿ ਆਗੂਆਂ ਨੇ ਕਿਹਾ ਕਿ ਡੀ ਸੀ ਵੱਲੋਂ ਕਰਮਚਾਰੀ ਯੂਨੀਅਨ ਦੇ ਆਗੂਆਂ ਨੁੂੰ ਕਥਿਤ ਤੌਰ ’ਤੇ ਗ਼ਲਤ ਢੰਗ ਨਾਲ ਚਾਰਜਸ਼ੀਟ ਕਰਕੇ ਅਤੇ ਹੋਰ ਕਰਮਚਾਰੀਆਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਗਲਤ ਲਿਖ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਉਚ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਚਾਰਜਸ਼ੀਟ ਫਾਇਲ ਕਰਨ ਅਤੇ ਕਰਮਚਾਰੀਆਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਨੂੰ ਠੀਕ ਕਰਨ ਸਬੰਧੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਲਾਰਿਆਂ ਤੋਂ ਇਲਾਵਾ ਜਥੇਬੰਦੀ ਨੂੰ ਕੁਝ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਕਿਸੇ ਵੀ ਕਰਮਚਾਰੀ ਨਾਲ ਅਜਿਹਾ ਧੱਕਾ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾ ਹੋਇਆ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਲਿਜਾਇਆ ਜਾਵੇਗਾ।

