Malerkotla Congress: ਕਾਂਗਰਸ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਮਾਰਚ
ਸਫ਼ਾਈ ਕਾਮਿਆਂ ਨਾਲ ਧੋਖਾ ਕਰ ਕੇ ਲੋਕਾਂ ਦੀ ਜਾਨ ਜੋਖਮ ’ਚ ਪਾੲੀ: ਨਿਸ਼ਾਤ ਅਖ਼ਤਰ
ਮਾਲੇਰਕੋਟਲਾ ਸ਼ਹਿਰ ਵਿੱਚ ਕੱਚੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਖ਼ਿਲਾਫ਼ ਕਾਂਗਰਸ ਨੇ ਸੂਬਾ ਸਰਕਾਰ ਅਤੇ ਹਲਕਾ ਵਿਧਾਇਕ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਨੇ ਸ਼ਹਿਰ ’ਚ ਗੰਦਗੀ ਦੇ ਢੇਰ ਲੱਗਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਸਬੰਧੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਸ਼ਹਿਰ ਦੇ ਇਤਿਹਾਸਕ ਸਰਹਿੰਦੀ ਗੇਟ ਤੋਂ ਲੈ ਕੇ ਨਗਰ ਕੌਂਸਲ ਦਫ਼ਤਰ ਤੱਕ ਇੱਕ ਰੋਸ ਮਾਰਚ ਕੱਢਿਆ ਤੇ ਨਗਰ ਕੌਂਸਲ ਅੱਗੇ ਪ੍ਰਦਰਸ਼ਨ ਕੀਤਾ। ਰੋਸ ਮਾਰਚ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਿਸ਼ਾਤ ਅਖ਼ਤਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੱਚੇ ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਸਾਢੇ ਚਾਰ ਸਾਲਾਂ ਦਾ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਸਰਕਾਰ ਦਾ ਕੋਈ ਮੰਤਰੀ ਅਤੇ ਨਾ ਹੀ ਕੋਈ ਵਿਧਾਇਕ ਇਨ੍ਹਾਂ ਗਰੀਬ ਕਰਮਚਾਰੀਆਂ ਦੀ ਸਾਰ ਲੈਣ ਲਈ ਤਿਆਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਾਸਰ ਮਜ਼ਦੂਰ, ਦਲਿਤ ਅਤੇ ਘੱਟ-ਗਿਣਤੀ ਵਿਰੋਧੀ ਹੈ। ਫੋਕੀ ਵਾਹ-ਵਾਹ ਖੱਟਣ ਲਈ ਸਰਕਾਰੀ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਇਹ ਸਰਕਾਰ ਅੱਜ ਸਫ਼ਾਈ ਸੇਵਕਾਂ ਨੂੰ ਸਮੇਂ ਸਿਰ ਤਨਖ਼ਾਹਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸਤਾਂ ਦੇਣ ਤੋਂ ਵੀ ਪਿੱਛੇ ਹਟ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਸਫ਼ਾਈ ਕਾਮਿਆਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਗੰਦਗੀ ਕਾਰਨ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪਾਰਟੀ ਬੁਲਾਰੇ ਅਨਵਾਰ ਮਹਿਬੂਬ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਬਾਬੂ ਸੁਭਾਸ਼ ਚੰਦਰ ਕੁਠਾਲਾ, ਜ਼ਿਲ੍ਹਾ ਪਰਿਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਸੁਰਿੰਦਰਪਾਲ ਸਿੰਘ ਰੱਖੜਾ, ਮਾਸਟਰ ਮੇਲਾ ਸਿੰਘ, ਬਲਾਕ ਯੂਥ ਪ੍ਰਧਾਨ ਮੁਹੰਮਦ ਜਾਵੇਦ, ਮਹਿਮੂਦ ਰਾਣਾ, ਕੌਂਸਲਰ ਮਨੋਜ ਉਪਲ ਤੇ ਸਾਬਕਾ ਪ੍ਰਧਾਨ ਯਾਸੀਨ ਘੁੱਗੀ ਆਦਿ ਹਾਜ਼ਰ ਸਨ।

