ਪ੍ਰੇਮ ਵਿਆਹ ਨੇ ਦੋ ਪਰਿਵਾਰਾਂ ਵਿੱਚ ਪੈਦਾ ਕੀਤੀ ਨਫ਼ਰਤ

ਨਵਵਿਆਹੁਤਾ ਪੇਕਿਆਂ ਵੱਲੋਂ ਅਗਵਾ, ਪੁਲੀਸ ਵੱਲੋਂ ਮਾਮਲਾ ਦਰਜ

ਪ੍ਰੇਮ ਵਿਆਹ ਨੇ ਦੋ ਪਰਿਵਾਰਾਂ ਵਿੱਚ ਪੈਦਾ ਕੀਤੀ ਨਫ਼ਰਤ

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ,15 ਜੁਲਾਈ

ਇਥੋਂ ਦੀ ਪੁਲੀਸ ਵੱਲੋਂ ਨਵ ਵਿਆਹੁਤਾ ਲੜਕੀ ਨੂੰ ਉਧਾਲਣ ਦੇ ਦੋਸ਼ ਤਹਿਤ ਪੇਕੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਸਪ੍ਰੀਤ ਸਿੰਘ ਵਾਸੀ ਰਾਜਗੜ੍ਹ ਖੰਨਾ ਥਾਣਾ ਅਮਲੋਹ ਨੇ ਇਥੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਖੰਨੇ ਵਿਖੇ ਆਈਲੈਟਸ ਕਰਦਾ ਸੀ, ਜਿਥੇ ਉਸ ਦੀ ਹਰਪ੍ਰੀਤ ਕੌਰ ਵਾਸੀ ਕਪੂਰਗੜ੍ਹ ਥਾਣਾ ਅਮਲੋਹ ਨਾਲ ਜਾਣ ਪਹਿਚਾਣ ਹੋ ਗਈ ਅਤੇ ਉਨ੍ਹਾਂ ਦੋਵਾਂ ਨੇ 3 ਜੁਲਾਈ 2020 ਨੂੰ ਵਿਆਹ ਕਰਵਾ ਲਿਆ ਸੀ। 6 ਜੁਲਾਈ ਨੂੰ ਸੈਸ਼ਨ ਕੋਰਟ ਸੰਗਰੂਰ ਵੱਲੋਂ ਉਨ੍ਹਾਂ ਸੁਰੱਖਆ ਲਈ ਆਰਡਰ ਹੋਏ। ਵਿਆਹ ਤੋਂ ਬਾਅਦ ਉਹ ਆਪਣੇ ਮਾਮਾ ਸਤਗੁਰ ਸਿੰਘ ਵਾਸੀ ਘਰਾਚੋਂ ਕੋਲ ਰਹਿਣ ਲੱਗਿਆ। ਉਹ 14 ਜੁਲਾਈ ਨੂੰ ਆਪਣੀ ਪਤਨੀ ਹਰਪ੍ਰੀਤ ਕੌਰ ਅਤੇ ਮਾਮਾ ਦੇ ਲੜਕੇ ਗੁਰਦੀਪ ਸਿੰਘ ਸਮੇਤ ਭਵਾਨੀਗੜ੍ਹ ਆਪਣੀ ਅਲਟੋ ਕਾਰ ਵਿੱਚ ਘਰੇਲੂ ਕੰਮ ਲਈ ਆਏ ਸਨ। ਇੱਥੇ ਉਨ੍ਹਾਂ ਦੀ ਕਾਰ ਦਾ ਸਵਿਫਟ ਕਾਰ ਪਿੱਛਾ ਕਰਨ ਲੱਗੀ। ਪਿੱਛਾ ਕਰਨ ਵਾਲੀ ਕਾਰ ਨੂੰ ਉਸ ਦੀ ਪਤਨੀ ਦੀ ਭੂਆ ਦਾ ਲੜਕਾ ਮਨਜਿੰਦਰ ਸਿੰਘ ਚਲਾ ਰਿਹਾ ਸੀ। ਪਿੰਡ ਜੌਲੀਆਂ ਗੁਰਦੁਆਰਾ ਕੋਲ ਪੁੱਜਣ ’ਤੇ ਉਨ੍ਹਾਂ ਨੇ ਗੱਡੀ ਰੋਕ ਕੇ ਡੰਡਿਆਂ ਨਾਲ ਕਾਰ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਧਮਕੀਆਂ ਦਿੰਦੇ ਹੋਏ ਉਸ ਦੀ ਪਤਨੀ ਹਰਪ੍ਰੀਤ ਕੌਰ ਨੂੰ ਜਬਰਦਸਤੀ ਬਿਠਾ ਕੇ ਸਵਿਫ਼ਟ ਕਾਰ ਭਜਾ ਕੇ ਲੈ ਗਏ। ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨ ’ਤੇ ਮਨਜਿੰਦਰ ਸਿੰਘ ਵਾਸੀ ਸਿਧਵਾਂ, ਬਾਬਰ ਸਿੰਘ ਵਾਸੀ ਬਹਿਣਾ, ਹਰਮਨਦੀਪ ਸਿੰਘ ਵਾਸੀ ਕਪੂਰਗੜ੍ਹ, ਸਤਨਾਮ ਸਿੰਘ ਵਾਸੀ ਕਪੂਰਗੜ੍ਹ, ਸੰਦੀਪ ਸਿੰਘ ਵਾਸੀ ਕਪੂਰਗੜ੍ਹ ਅਤੇ ਦਵਿੰਦਰ ਸਿੰਘ ਵਾਸੀ ਰੰਗੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਬਾਅਦ ਵਿੱਚ ਪੁਲੀਸ ਨੇ ਤਫਤੀਸ਼ ਦੌਰਾਨ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਬੰਦ ਕਰ ਦਿੱਤਾ ਅਤੇ ਬਾਕੀਆਂ ਨੂੰ ਫੜਨ ਲਈ ਭਾਲ ਜਾਰੀ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All