ਮਾਲੇਰਕੋਟਲਾ ’ਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਲੌਕਡਾਊਨ ਦਾ ਫੈ਼ਸਲਾ

ਮਾਲੇਰਕੋਟਲਾ ’ਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਲੌਕਡਾਊਨ ਦਾ ਫੈ਼ਸਲਾ

ਸੰਗਰੂਰ ’ਚ ਡੀਸੀ ਰਾਮਵੀਰ ਸਮੂਹ ਐੱਸਡੀਐੱਮਜ਼ ਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਲੇਰਕੋਟਲਾ ਵਿੱਚ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਮੁੜ ਲਾਕਡਾਊਨ ਲਗਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਾਰੇ ਉਪ ਮੰਡਲ ਮੈਜਿਸਟ੍ਰੇਟਾਂ ਨਾਲ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿੱਚ ਲੌਕਡਾਊਨ ਦਾ ਵਧੀਆ ਅਸਰ ਦੇਖਣ ਨੂੰ ਮਿਲਿਆ ਹੈ ਤੇ ਉਮੀਦ ਹੈ ਕਿ ਛੇਤੀ ਹੀ ਮਲੇਰਕੋਟਲਾ ਵਿੱਚ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਹੋ ਜਾਵੇਗੀ।

ਉਨ੍ਹਾਂ ਮਲੇਰਕੋਟਲਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਲੌਕਡਾਊਨ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਟੈਸਟਾਂ ਦੀ ਸਥਿਤੀ, ਲਏ ਗਏ ਸੈਂਪਲਾਂ ਦੇ ਬਕਾਇਆ ਨਤੀਜਿਆਂ, ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸੰਸਥਾਗਤ ਇਕਾਂਤਵਾਸ ਭੇਜਣ ਤੇ ਪਾਜ਼ੀਟਿਵ ਪਾਏ ਜਾਣ ਦੀ ਸੂਰਤ ਵਿੱਚ ਆਈਸੋਲੇਸ਼ਨ ਕੇਂਦਰਾਂ ਵਿੱਚ ਤਬਦੀਲ ਕਰਨ, ਸਿਹਤਯਾਬ ਹੋ ਚੁੱਕੇ ਮਰੀਜ਼ਾਂ ਆਦਿ ਸਬੰਧੀ ਜਾਇਜ਼ਾ ਵੀ ਲਿਆ। ਉਨ੍ਹਾਂ ਮਿਸ਼ਨ ਫ਼ਤਿਹ ਨੂੰ ਜ਼ਮੀਨੀ ਪੱਧਰ ’ਤੇ ਸਫ਼ਲ ਬਣਾਉਣ ਲਈ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਸਬ ਡਵੀਜ਼ਨਾਂ ’ਚ ਵਧੇਰੇ ਚੌਕਸੀ ਵਰਤਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਮਨੋਬਲ ਉੱਚਾ ਚੁੱਕਣ ਲਈ ਰੋਜ਼ਾਨਾ ਦੇ ਪੱਧਰ ’ਤੇ ਮਰੀਜ਼ਾਂ ਨਾਲ ਮੋਬਾਇਲ ’ਤੇ ਗੱਲਬਾਤ ਕੀਤੀ ਜਾਵੇ ਤੇ ਸਿਹਤ ਦਾ ਜਾਇਜ਼ਾ ਲਿਆ ਜਾਵੇ। ਸ੍ਰੀ ਰਾਮਵੀਰ ਨੇ ਕਿਹਾ ਕਿ ਸਿਹਤ ਸਬੰਧੀ ਸਲਾਹਾਂ ਦੀ ਉਲੰਘਣਾ ਨੂੰ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਯੋਜਨਾਬੱਧ ਢੰਗ ਨਾਲ ਹਰੇਕ ਦਿਸ਼ਾ ਨਿਰਦੇਸ਼ ਦੀ ਪਾਲਣਾ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਲਾਜ਼ਮੀ ਹੈ। ਮੀਟਿੰਗ ਦੌਰਾਨ ਐੱਸਡੀਐੱਮ ਬਬਨਦੀਪ ਸਿੰਘ ਵਾਲੀਆ, ਐੱਸਡੀਐੱਮ ਭਵਾਨੀਗੜ੍ਹ ਅੰਕੁਰ ਮਹਿੰਦਰੂ, ਐੱਸਡੀਐੱਮ ਧੂਰੀ ਲਤੀਫ਼ ਅਹਿਮਦ, ਐੱਸਡੀਐੱਮ ਦਿੜ੍ਹਬਾ ਮਨਜੀਤ ਸਿੰਘ, ਐੱਸਡੀਐੱਮ ਸੁਨਾਮ ਮਨਜੀਤ ਕੌਰ, ਐਸਡੀਐਮ ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ, ਸਹਾਇਕ ਸਿਵਲ ਸਰਜਨ ਡਾ. ਮਹੇਸ਼ ਅਹੂਜਾ, ਜ਼ਿਲ੍ਹਾ ਐਪੀਡੋਮੋਲਿਜਸਟ ਡਾ. ਉਪਾਸਨਾ ਆਦਿ ਹਾਜ਼ਰ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All