ਸਾਹਿਤ ਉਤਸਵ: ਭਾਸ਼ਾ ਤੇ ਰੰਗਮੰਚ ਦੇ ਨਾਂ ਰਹੀਆਂ ਬੈਠਕਾਂ
ਗੀਤਕਾਰੀ ’ਤੇ ਬਾਜ਼ਾਰ ਦੇ ਗਲਬੇ ਅਤੇ ਪੰਜਾਬੀ ਦੇ ਡਿਜੀਟਲ ਭਵਿੱਖ ਬਾਰੇ ਗੰਭੀਰ ਮੰਥਨ
ਪੰਜਾਬੀ ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ 12ਵੇਂ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ’ ਦੇ ਦੂਜੇ ਦਿਨ ਅਕਾਦਮਿਕ ਬੈਠਕਾਂ ਦੌਰਾਨ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ, ਰੰਗਮੰਚੀ ਚੇਤਨਾ ਅਤੇ ਗੀਤਕਾਰੀ ਦੇ ਬਦਲਦੇ ਸਰੂਪਾਂ ’ਤੇ ਡੂੰਘਾ ਮੰਥਨ ਕੀਤਾ ਗਿਆ।
ਪੰਜਾਬੀ ਭਾਸ਼ਾ ਅਤੇ ਤਕਨਾਲੋਜੀ ਨੂੰ ਸਮਰਪਿਤ ਰਹੀ ਇੱਕ ਵਿਸ਼ੇਸ਼ ਬੈਠਕ ਦੌਰਾਨ ਕੈਨੇਡਾ ਤੋਂ ਪਹੁੰਚੇ ਪੰਜਾਬੀ ਕੰਪਿਊਟਰ ਖੇਤਰ ਦੇ ਮਾਹਿਰ ਕਿਰਪਾਲ ਸਿੰਘ ਪੰਨੂ ਨਾਲ ਡਾ. ਰਾਜਵਿੰਦਰ ਢੀਂਡਸਾ ਨੇ ਸੰਵਾਦ ਰਚਾਇਆ। ਆਪਣੇ ਸੰਘਰਸ਼ਮਈ ਸਫ਼ਰ ਅਤੇ ਫੌਂਟ ਨਿਰਮਾਣ ਦੇ ਤਜ਼ਰਬੇ ਸਾਂਝੇ ਕਰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਹੋਂਦ ਅੱਜ ਇਸ ਗੱਲ ’ਤੇ ਨਿਰਭਰ ਹੈ ਕਿ ਉਹ ਡਿਜੀਟਲ ਪੱਧਰ ’ਤੇ ਕਿੰਨੀ ਕੁ ਸਮਰੱਥ ਹੈ। ਇਸੇ ਤਰ੍ਹਾਂ ਪ੍ਰਸਿੱਧ ਰੰਗਕਰਮੀ ਡਾ. ਨਵਨਿੰਦਰਾ ਬਹਿਲ ਦੀ ਯਾਦ ਨੂੰ ਸਮਰਪਿਤ ਪਹਿਲੀ ਬੈਠਕ ਵਿੱਚ ‘ਨਾਟਕ ਨਜ਼ਰੀਆ ਅਤੇ ਨਵੀਂ ਚੇਤਨਾ’ ਵਿਸ਼ੇ ’ਤੇ ਚਰਚਾ ਹੋਈ। ਦੇਵਿੰਦਰ ਦਮਨ, ਕੇਵਲ ਧਾਲੀਵਾਲ ਅਤੇ ਅਨੀਤਾ ਸ਼ਬਦੀਸ਼ ਨੇ ਰੰਗਮੰਚ ਵਿੱਚ ਸਮਾਜਿਕ ਚੇਤਨਾ, ਨਵੇਂ ਪ੍ਰਯੋਗਾਂ ਅਤੇ ਨਾਰੀ ਸੰਵੇਦਨਾ ਬਾਰੇ ਵਿਚਾਰ ਪੇਸ਼ ਕੀਤੇ। ਦੂਜੀ ਬੈਠਕ ਵਿੱਚ ਸਾਹਿਤ ਅਕਾਦਮੀ ਐਵਾਰਡੀ ਬਚਿੰਤ ਕੌਰ ਨੇ ਆਪਣੇ ਸਾਹਿਤਕ ਸਫ਼ਰ ਦੀਆਂ ਪਰਤਾਂ ਫਰੋਲਦਿਆਂ ਲੇਖਕ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਡਾ. ਪਰਮੀਤ ਕੌਰ ਅਤੇ ਅਮਨਪ੍ਰੀਤ ਕੌਰ ਨਵੀ ਮੌਜੂਦ ਸਨ। ‘ਗੀਤਕਾਰੀ: ਭਾਵਨਾ ਦੀ ਅਭਿਵਿਅਕਤੀ ਜਾਂ ਬਜ਼ਾਰ ਦੀ ਮੰਗ?’ ਵਿਸ਼ੇ ’ਤੇ ਹੋਈ ਚਰਚਾ ਵੀ ਖਿੱਚ ਦਾ ਕੇਂਦਰ ਰਹੀ। ਇਸ ਦੌਰਾਨ ਧਰਮ ਕੰਮੇਆਣਾ, ਮਨਪ੍ਰੀਤ ਟਿਵਾਣਾ, ਅਮਰੀਕ ਤਲਵੰਡੀ ਅਤੇ ਪਾਲੀ ਦੇਤਵਾਲੀਆ ਦਾ ਕਹਿਣਾ ਸੀ ਕਿ ਗੀਤਕਾਰੀ ਉੱਤੇ ਬਾਜ਼ਾਰ ਦਾ ਗਲਬਾ ਵਧਣ ਕਾਰਨ ਸਾਹਿਤਕ ਰੰਗ ਮਨਫ਼ੀ ਹੋ ਰਿਹਾ ਹੈ। ਉਨ੍ਹਾਂ ਨੇ ਗੀਤਕਾਰਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਮਿਆਰੀ ਗੀਤ ਸਿਰਜਣ ਦੀ ਅਪੀਲ ਵੀ ਕੀਤੀ। ਡਾ. ਸਿਮਰਨਜੀਤ ਸਿੰਘ ਨੇ ਬਤੌਰ ਸੰਵਾਦ ਕਰਤਾ ਅਹਿਮ ਸਵਾਲ ਉਠਾਏ।ਦੂਜੇ ਦਿਨ ਦਾ ਸਿਖ਼ਰ ਇਕ ਯਾਦਗਾਰੀ ਸੰਗੀਤਕ ਸ਼ਾਮ ਨਾਲ ਹੋਇਆ। ਇਸ ਦੌਰਾਨ ਹਰਮਿੰਦਰ ਜਲਾਲ ਦੀ ਅਲਗੋਜਾ-ਤੂੰਬਾ ਟੋਲੀ ਅਤੇ ਪ੍ਰਸਿੱਧ ਢਾਡੀ ਦੇਸ ਰਾਜ ਲਚਕਾਣੀ ਦੀ ਟੋਲੀ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਪੰਜਾਬੀ ਲੋਕ-ਵਾਰਾਂ ਅਤੇ ਵਿਰਾਸਤੀ ਧੁਨਾਂ ਨੂੰ ਮੁੜ ਸੁਰਜੀਤ ਕਰ ਦਿੱਤਾ। ਪੰਜਾਬੀ ਵਿਭਾਗ ਦੇ ਮੁਖੀ ਡਾ.ਰਾਜਵੰਤ ਕੌਰ ਪੰਜਾਬੀ ਨੇ ਦੱਸਿਆ ਕਿ ਇਹ ਉਤਸਵ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਸਹਾਈ ਹੋ ਰਿਹਾ ਹੈ। ਪੁਸਤਕ ਪ੍ਰਦਰਸ਼ਨੀਆਂ ਵਿੱਚ ਵੀ ਪਾਠਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

