ਬਿਜਲੀ ਕਾਮਿਆਂ ਵੱਲੋਂ ਅਮਨ ਅਰੋੜਾ ਨੂੰ ਪੱਤਰ
ਸੁਨਾਮ ਊਧਮ ਸਿੰਘ ਵਾਲਾ, 13 ਜੂਨ
ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੇ ਇਕ ਵਫ਼ਦ ਵੱਲੋਂ ਸੁਖਪਾਲ ਸਿੰਘ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਦੀ ਰਿਹਾਇਸ਼ ’ਤੇ ਪਹੁੰਚ ਕੇ ਮੰਗ ਪੱਤਰ ਸੌਂਪਿਆ ਗਿਆ।
ਉਨ੍ਹਾਂ ਬਿਜਲੀ ਵਿਭਾਗ ’ਚੋਂ ਨਿੱਜੀਕਰਨ ਦੀ ਨੀਤੀ ਰੱਦ ਕਰਨ, ਖਰੜ ਤੇ ਲਾਲੜੂ ਡਵੀਜ਼ਨ ਦੇ ਕੀਤੇ ਜਾ ਰਹੇ ਨਿਜੀਕਰਨ ਨੂੰ ਰੋਕਣ, ਪਾਵਰਕੌਮ ਅਤੇ ਟਰਾਂਸਕੋ ਵਿੱਚ ਕੰਮ ਕਰਦੇ ਸਮੂਹ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ,ਸਮੂਹ ਆਊਟਸੋਰਸਡ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਅਤੇ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਤਨਖਾਹ ਨਿਸ਼ਚਿਤ ਕਰਨ,ਪਾਵਰਕਾਮ ਅਤੇ ਟਰਾਂਸਕੋ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਮੌਤ ਦੇ ਅਵਜਾਨੇ ਦੇ ਕਾਨੂੰਨ ਮੁਤਾਬਕ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪੱਕੀ ਪੈਨਸ਼ਨ ਦਾ ਪ੍ਰਬੰਧ ਕਰਨ, ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ 3-5-7 ਸਾਲਾਂ ਬਾਅਦ ਪਦ-ਉੱਨਤ ਕਰਨ, ਠੇਕਾ ਮੁਲਾਜ਼ਮਾਂ ਨੂੰ ਸੇਵਾਮੁਕਤ ਹੋਣ ਉਪਰੰਤ ਘੱਟੋ-ਘੱਟ 30 ਲੱਖ ਰੁਪਏ ਗੁਜ਼ਾਰਾ ਫੰਡ ਦੇਣ, ਡਬਲਿਊ ਠੇਕਾ ਕਾਮਿਆਂ ਨੂੰ ਵੀ ਪੈਟਰੋਲ ਭੱਤਾ ਦੇਣ, ਠੇਕਾ ਕਾਮਿਆਂ ਦੀਆਂ ਦੂਰ-ਦੁਰਾਡੇ ਕੀਤੀਆਂ ਬਦਲੀਆਂ ਰੱਦ ਕਰਨ, ਟੀਟੀਆਈ ਟ੍ਰੇਨਿੰਗ ਦਾ ਪ੍ਰਬੰਧ ਕਰਨ, ਕੱਢੇ ਗਏ ਠੇਕਾ ਕਾਮਿਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਰਾਜਪਾਲ ਸਿੰਘ ਵੀ ਮੌਜੂਦ ਸਨ।