
ਲਹਿਰਾਗਾਗਾ ਵਿਖੇ ਐੱਸਡੀਐੱਮ ਸੂਬਾ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਕੌਂਸਲਰ।
ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਦਸੰਬਰ
ਇਥੇ ਫਰਵਰੀ 2021 ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਵਾਰਡ ਨੰਬਰ 2 ਤੇ 8 ਦੇ ਕੌਂਸਲਰ ਨੂੰ ਕਥਿਤ ਜੇਤੂ ਐਲਾਨਣ ਮਗਰੋਂ ਹਾਰੇ ਹੋਏ ਐਲਾਨ ਦਿੱਤਾ ਗਿਆ ਜਿਸ ਕਰਕੇ ਇਹ ਮਾਮਲਾ ਪੌਣੇ ਦੋ ਸਾਲ ਤੋਂ ਹਾਈ ਕੋਰਟ ਵਿਚ ਹੈ। ਇਸੇ ਕਰਕੇ ਅਜੇ ਤਕ ਕਿਸੇ ਵੀ ਮੈਂਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਮਿਲਿਆ ਅਤੇ ਪ੍ਰਧਾਨਗੀ ਦਾ ਮਾਮਲਾ ਵੀ ਲਟਕ ਰਿਹਾ ਹੈ। ਨਗਰ ਕੌਂਸਲ ਦਫਤਰ ਵਿੱਚ ਇਕ ਪਲੇਟਫਾਰਮ ’ਤੇ ਇਕੱਠੇ ਹੋਏ ਚੁਣੇ ਹੋਏ ਕੌਂਸਲਰ ਰਜਨੀਸ਼ ਗੁਪਤਾ, ਰਾਜੇਸ਼ ਕੁਮਾਰ ਭੋਲਾ, ਕਪਲਾਸ਼ ਤਾਇਲ, ਕ੍ਰਿਪਾਲ ਸਿੰਘ ਨਾਥਾ, ਮੈਡਮ ਬਲਵਿੰਦਰ ਕੌਰ, ਮੈਡਮ ਸੀਮਾ ਗਰਗ, ਮੈਡਮ ਜਸਵੀਰ ਕੌਰ ਜਵਾਹਰਵਾਲਾ, ਬਲਵੀਰ ਸਿੰਘ ਬੀਰਾ, ਮੈਡਮ ਸੁਦੇਸ਼ ਰਾਣੀ ਤੇ ਮੈਡਮ ਹਰਜੀਤ ਕੌਰ ਹੋਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਸਾਰੇ ਇਕਜੁੱਟ ਹਨ। ਉਨ੍ਹਾਂ ਅੱਜ ਐਸ.ਡੀ.ਐਮ ਲਹਿਰਾਗਾਗਾ ਸੂਬਾ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨਗੀ ਦੀ ਚੋਣ ਕਰਵਾਈ ਜਾਵੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਹਾਈ ਕੋਰਟ ਵਿਚ ਜੋ ਰਿੱਟ ਦਾਇਰ ਕੀਤੀ ਗਈ ਸੀ ਉਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ ਜਿਸ ਕਰਕੇ ਹੁਣ ਚੋਣ ਕਰਵਾਉਣੀ ਬਣਦੀ ਹੈ। ਉਨ੍ਹਾਂ ਮੰਗ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜ ਕੇ ਪ੍ਰਧਾਨਗੀ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਨਾ ਹੋਣ ਕਰਕੇ ਉਨ੍ਹਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਮਿਲਿਆ, ਇੱਥੋਂ ਤੱਕ ਕਿ ਜਦੋਂ ਲੋਕ ਉਨ੍ਹਾਂ ਦੇ ਘਰ ਕਿਸੇ ਦਸਤਾਵੇਜ਼ਾਂ ਉੱਪਰ ਦਸਤਖ਼ਤ ਕਰਵਾਉਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ।
ਜਾਣਕਾਰੀ ਅਨੁਸਾਰ ਵਾਰਡ ਨੰਬਰ 2 ਦੇ ਸੁਰਿੰਦਰ ਕੌਰ ਅਤੇ ਵਾਰਡ ਨੰਬਰ 8 ਦੇ ਸੁਰਿੰਦਰ ਸਿੰਘ ਜੱਗੀ ਨੂੰ ਜਿੱਤਣ ਮਗਰੋਂ ਉਸ ਸਮੇਂ ਦੇ ਐਸ.ਡੀ.ਐਮ ਕਮ ਚੋਣ ਰਿਟਰਨਿੰਗ ਅਫਸਰ ਨੇ ਹਾਰੇ ਹੋਏ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਸੁਰਿੰਦਰ ਸਿੰਘ ਆਦਿ ਨੇ ਆਪਣਾ ਹੱਕ ਲੈਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਦੋਂ ਇਸ ਸਬੰਧੀ ਐਸ.ਡੀ.ਐਮ ਲਹਿਰਾਗਾਗਾ ਸੂਬਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਜੋ ਵੀ ਫੈਸਲਾ ਹੋਵੇਗਾ ਉਸ ਮੁਤਾਬਿਕ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਕਾਨੂੰਨ ਮੁਤਾਬਿਕ ਹੋਵੇਗੀ ਚੋਣ : ਵਿਧਾਇਕ ਗੋਇਲ
ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਦਾ ਕਹਿਣਾ ਹੈ ਕਿ ਨਗਰ ਕੌਂਸਲ ਚੋਣਾਂ ਸਮੇਂ ਕਾਂਗਰਸ ਸਰਕਾਰ ਵਲੋਂ ਜੋ ਧੱਕੇਸ਼ਾਹੀ ਕੀਤੀ ਗਈ, ਅੱਜ ਉਸ ਦਾ ਖਮਿਆਜ਼ਾ ਲਹਿਰਾਗਾਗਾ ਦੇ ਲੋਕ ਅਤੇ ਚੁਣੇ ਹੋਏ ਕੌਂਸਲਰ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਨਗਰ ਕੌਂਸਲ ਦਾ ਪ੍ਰਧਾਨ ਬਣੇ ਅਤੇ ਸ਼ਹਿਰ ਦੇ ਵਿਕਾਸ ਕੰਮਾਂ ਵਿਚ ਤੇਜ਼ੀ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਾਨੂੰਨ ਮੁਤਾਬਿਕ ਹੋਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ