ਲਹਿਰਾਗਾਗਾ: ਪੁਲੀਸ ਵੱਲੋਂ 7.5 ਗ੍ਰਾਮ ਹੈਰੋਇਨ ਸਮੇਤ ਔਰਤ ਗ੍ਰਿਫ਼ਤਾਰ
ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਚੌਕੀ ਸਿਟੀ ਨੇ ਨਹਿਰ ਦੇ ਨਜ਼ਦੀਕ ਕੀਤੀ ਛਾਪੇਮਾਰੀ; ਮੁਕੱਦਮਾ ਦਰਜ
ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਲਹਿਰਾਗਾਗਾ ਨਾਲ ਸਬੰਧਤ ਪੁਲੀਸ ਚੌਕੀ ਸਿਟੀ ਲਹਿਰਾਗਾਗਾ ਨੇ ਇੱਕ ਔਰਤ ਨੂੰ ਚਿੱਟੇ (ਨਸ਼ੀਲੇ ਪਦਾਰਥ) ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਹਾਇਕ ਥਾਣੇਦਾਰ (ਏ.ਐੱਸ.ਆਈ.) ਜਸਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਬੱਸ ਸਟੈਂਡ ਲਹਿਰਾਗਾਗਾ ਵਿਖੇ ਮੌਜੂਦ ਸਨ। ਇਸੇ ਦੌਰਾਨ ਦੇਰ ਸ਼ਾਮ ਸਾਢੇ 7 ਵਜੇ ਦੇ ਕਰੀਬ ਇੱਕ ਮੁਖ਼ਬਰ ਖ਼ਾਸ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਗੁਰਮੀਤ ਕੌਰ ਪਤਨੀ ਬਿਕਰ ਸਿੰਘ, ਵਾਸੀ ਲਹਿਰਾਗਾਗਾ ਹੈਰੋਇਨ (ਚਿੱਟਾ) ਵੇਚਣ ਦੀ ਆਦੀ ਹੈ।
ਮੁਖ਼ਬਰ ਨੇ ਦੱਸਿਆ ਕਿ ਉਕਤ ਔਰਤ ਅੱਜ ਵੀ ਕੋਟੜਾ ਲਹਿਲ ਨੂੰ ਜਾਂਦੀ ਨਹਿਰੀ ਸੜਕ ਦੇ ਕਿਨਾਰੇ (ਬਾਹੱਦ ਲਹਿਰਾਗਾਗਾ) ਖੜ੍ਹੀ ਚਿੱਟਾ ਵੇਚਣ ਲਈ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਹੈ।
ਮੁਖ਼ਬਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਗੁਰਮੀਤ ਕੌਰ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਕੀਤਾ ਜਾ ਸਕਦਾ ਸੀ। ਸੂਚਨਾ ਸੱਚੀ ਅਤੇ ਭਰੋਸੇਯੋਗ ਹੋਣ ਕਾਰਨ ਪੁਲੀਸ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸ ਸਬੰਧੀ ਥਾਣਾ ਲਹਿਰਾਗਾਗਾ ਵਿਖੇ ਰੁੱਕਾ ਭੇਜ ਕੇ ਮੁਕੱਦਮਾ ਦਰਜ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲੀਸ ਪਾਰਟੀ ਵੱਲੋਂ ਕੀਤੀ ਗਈ ਤੁਰੰਤ ਛਾਪੇਮਾਰੀ ਦੌਰਾਨ ਗੁਰਮੀਤ ਕੌਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਸਾਢੇ 7 ਗ੍ਰਾਮ (7.5 ਗ੍ਰਾਮ) ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
