ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਮਈ
ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਲਹਿਰਾਗਾਗਾ ਵੱਲੋਂ ਛੱਜੂ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਹ ਧਰਨਾ ਬੀਤੇ ਕਈ ਦਿਨਾਂ ਤੋਂ ਹੜਤਾਲ ਕਰ ਰਹੇ ਸਫ਼ਾਈ ਕਰਮੀਆਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਦਿੱਤਾ ਗਿਆ, ਜਿਸ ਵਿੱਚ ਨਗਰ ਕੌਂਸਲ ਅਧਿਕਾਰੀ ਦੇ ਮੁਲਾਜ਼ਮਾਂ ਪ੍ਰਤੀ ਰਵੱਈਏ ਦੀ ਸਖ਼ਤ ਨਿੰਦਾ ਕਰਦੇ ਹੋਏ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਧਰਨੇ ਨੂੰ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਚੰਗਾਲੀਵਾਲਾ ਸਮੇਤ ਹੋਰ ਮੁਲਾਜ਼ਮ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੰਟਰੈਕਟ ਸਫ਼ਾਈ ਕਰਮਚਾਰੀਆਂ ਨੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭਰਤੀ ਕੀਤਾ ਜਾਵੇ। ਧਰਨੇ ਨੂੰ ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਆਗੂ ਨਾਮਦੇਵ ਭੁਟਾਲ, ਜਗਦੀਸ਼ ਪਾਪੜਾ, ਏਟਕ ਆਗੂ ਮਹਿੰਦਰ ਬਾਗੀ, ਜੰਗਲਾਤ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਗਾਗਾ, ਸਤਨਾਮ ਸਿੰਘ ਸੰਗਤੀਵਾਲਾ, ਫੈਡਰੇਸ਼ਨ ਦੇ ਆਗੂਆਂ ਛੱਜੂ ਰਾਮ ਸ਼ਰਮਾ, ਅਮਰੀਕ ਗੁਰਨੇ, ਦਰਸ਼ਨ ਸ਼ਰਮਾ, ਬਾਵਾ ਗਾਗਾ, ਸਫ਼ਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਮੰਗੂ, ਨਰੇਸ਼ ਕੁਮਾਰ, ਹਰੀ ਰਾਮ ਨੇ ਸੰਬੋਧਨ ਕੀਤਾ। ਅੰਤ ਵਿੱਚ ਧਰਨਾ 30 ਮਈ ਨੂੰ ਜ਼ਿਲ੍ਹਾ ਪੱਧਰੀ ਐਕਸ਼ਨ ਕਰਨ ਦੀ ਚਿਤਾਵਨੀ ਨਾਲ ਸਮਾਪਤ ਕੀਤਾ ਗਿਆ।