ਪੱਤਰ ਪ੍ਰੇਰਕ
ਸੰਦੌੜ, 5 ਸਤੰਬਰ
ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਗਰਗ ਅਤੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਮਾਣਕੀ ਤੇ ਮਿੱਠੇਵਾਲ ਵਿੱਚ ਡੇਂਗੂ ਤੋਂ ਬਚਾਅ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਲਾਰਵੇ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਮੱਛਰਾਂ ਦੇ ਖਾਤਮੇ ਲਈ ਸਪਰੇਅ ਵੀ ਕੀਤੀ ਗਈ।
ਬਹੁਮੰਤਵੀ ਸਿਹਤ ਕਾਮੇ ਰਾਜੇਸ਼ ਰਿਖੀ ਨੇ ਦੱਸਿਆ ਕਿ ਡੇਂਗੂ ‘ਏਡੀਜ਼ ਅਜਿਪਟੀ’ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਹਮੇਸ਼ਾ ਸਾਫ ਪਾਣੀ ਵਿੱਚ ਪਨਪਦਾ ਹੈ। ਇਹ ਮੱਛਰ ਕੂਲਰ ਦੇ ਪਾਣੀ, ਫਰਿੱਜ ਪਿੱਛੇ ਲੱਗੀ ਟਰੇਅ, ਗਮਲਿਆਂ ਵਿਚਲੇ ਪਾਣੀ, ਛੱਤ ’ਤੇ ਪਏ ਕਬਾੜ, ਟਾਇਰਾਂ ਵਿੱਚ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਸਾਨੂੰ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ ਇਹ ਬਰਤਨਾਂ ਵਿਚਲਾ ਪਾਣੀ ਬਦਲ ਦੇਣਾ ਚਾਹੀਦਾ ਹੈ। ਬਰਤਨਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਫਿਰ ਪਾਣੀ ਪਾਇਆ ਜਾਵੇ।
ਉਨ੍ਹਾਂ ਕਿਹਾ ਕਿ ਮੱਛਰ ਤੋਂ ਬਚਾਅ ਲਈ ਪੂਰੇ ਸ਼ਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਨਿਣੇ ਚਾਹੀਦੇ ਹਨ। ਜੇਕਰ ਬੁਖਾਰ, ਥਕਾਵਟ, ਕਮਜ਼ੋਰੀ, ਮਾਸ ਪੇਸ਼ੀਆਂ ਵਿਚ ਜ਼ੋਰਦਾਰ ਦਰਦ ਅਤੇ ਅੱਖਾਂ ਪਿੱਛੇ ਜਿਆਦਾ ਦਰਦ ਹੋਵੇ ਤਾਂ ਇਹ ਡੇਂਗੂ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ।