Land Dispute in Sikandarpura village: ਜ਼ਮੀਨੀ ਵਿਵਾਦ: ਉਗਰਾਹਾਂ ਜਥੇਬੰਦੀ ਪੀੜਤ ਪਰਿਵਾਰ ਨਾਲ ਡਟੀ
ਕਿਸਾਨ ਪਰਿਵਾਰ ਨੂੰ ਇਨਸਾਫ਼ ਲਈ ਪਿੰਡ ’ਚ ਢੋਲ ਮਾਰਚ ਕੀਤਾ
ਪਿੰਡ ਸਿਕੰਦਰਪੁਰਾ ’ਚ ਕਿਸਾਨ ਪਰਿਵਾਰ ਦੇ ਕਰੀਬ 20 ਸਾਲ ਤੋਂ ਇਲਾਕੇ ਦੇ ਇੱਕ ਪਹੁੰਚ ਵਾਲੇ ਵਿਅਕਤੀ ਨਾਲ ਚੱਲ ਰਹੇ ਜ਼ਮੀਨੀ ਝਗੜੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਪੀੜਤ ਪਰਿਵਾਰ ਨਾਲ ਡਟ ਗਈ ਹੈ। ਬੀ ਕੇ ਯੂ (ਉਗਰਾਹਾਂ) ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਪਿੰਡ ਦੇ ਗੁਰਦੁਆਰੇ ਵਿੱਚ ਇਕੱਠ ਕਰਨ ਪਿੱਛੋਂ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਢੋਲ ਮਾਰਚ ਕੀਤਾ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ, ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਰਵਿੰਦਰ ਸਿੰਘ ਕਾਸ਼ਮਪੁਰ, ਬਲਾਕ ਆਗੂ ਰਛਪਾਲ ਸਿੰਘ ਰੜ, ਕਰਨੈਲ ਸਿੰਘ ਭੂਦਨ, ਸ਼ਿੰਦਰ ਸਿੰਘ ਕੁਠਾਲਾ, ਜਰਨੈਲ ਸਿੰਘ ਭੈਣੀ ਕਲਾਂ, ਰਛਪਾਲ ਸਿੰਘ ਫਰੀਦਪੁਰ ਖੁਰਦ ਅਤੇ ਬੀਬੀ ਗੁਰਮੀਤ ਕੌਰ ਕੁਠਾਲਾ ਨੇ ਐਲਾਨ ਕੀਤਾ ਕਿ ਜਥੇਬੰਦੀ ਦੀ ਮਦਦ ਨਾਲ ਪੀੜਤ ਕਿਸਾਨ ਗੁਰਬਚਨ ਸਿੰਘ ਦਾ ਪਰਿਵਾਰ ਖੇਤ ਵਿੱਚ ਜੀਰੀ ਲਾਵੇਗਾ ਕਿਉਂ ਕਿ ਖੇਤ ’ਚ ਲੱਗਿਆ ਮੋਟਰ ਦਾ ਬਿਜਲੀ ਕੁਨੈਕਸ਼ਨ ਗੁਰਬਚਨ ਸਿੰਘ ਦੇ ਹੀ ਨਾਂ ਹੈ। ਪ੍ਰਧਾਨ ਸ੍ਰੀ ਭੂਦਨ ਨੇ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਉੱਚੀ ਪਹੁੰਚ ਵਾਲੇ ਵਿਅਕਤੀ ਨੇ ਗੁਰਬਚਨ ਸਿੰਘ ਕੋਲੋਂ ਕਥਿਤ ਤੌਰ ’ਤੇ ਬਿਨਾਂ ਪੂਰੀ ਰਕਮ ਦਿੱਤਿਆਂ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਸੀ ਜਿਸ ਨੂੰ ਗੁਰਬਚਨ ਸਿੰਘ ਵੱਲੋਂ ਹਾਈ ਕੋਰਟ ਵਿੱਚ ਚੁਣੌਤੀ ਦੇਣ ਉਪਰੰਤ ਰਜਿਸਟਰੀ ਕਥਿਤ ਤੌਰ ’ਤੇ ਮੁੜ ਉਸ ਦੇ ਨਾਂ ਹੋ ਗਈ ਸੀ। ਕਿਸਾਨ ਆਗੂ ਨੇ ਐਲਾਨ ਕੀਤਾ ਕਿ ਪੀੜਤ ਪਰਿਵਾਰ ਨਾਲ ਕਿਸੇ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦੀ ਚੱਟਾਨ ਵਾਂਗ ਕਿਸਾਨ ਪਰਿਵਾਰ ਨਾਲ ਡਟੀ ਰਹੇਗੀ।
