ਜ਼ਮੀਨੀ ਵਿਵਾਦ: ਡੀਐਸਪੀ ਦੇ ਭਰੋਸੇ ਮਗਰੋਂ ਬੀਕੇਯੂ ਡਕੌਂਦਾ ਵੱਲੋਂ ਪੱਕਾ ਧਰਨਾ ਮੁਲਤਵੀ
ਪੱਤਰ ਪ੍ਰੇਰਕ
ਸ਼ੇਰਪੁਰ, 15 ਜੁਲਾਈ
ਜਹਾਂਗੀਰ ਜ਼ਮੀਨ ਵਿਵਾਦ ਵਿੱਚ ਡੀਐਸਪੀ ਧੂਰੀ ਕਰਨ ਸੰਧੂ ਵੱਲੋਂ ਬੀਕੇਯੂ ਡਕੌਂਦਾ ਦੇ ਆਗੂਆਂ ਵੱਲੋਂ ਰੱਖੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਕੇ ਅਮਲ ਵਿੱਚ ਲਿਆਉਣ ਅਤੇ ਪੂਰੇ ਮਾਮਲੇ ’ਤੇ ਪੁਲੀਸ ਤਰਫ਼ੋਂ ਨਿਰਪੱਖ ਕੰਮ ਕਰਨ ਦੇ ਦਿੱਤੇ ਭਰੋਸੇ ਮਗਰੋਂ ਅੱਜ ਬੀਕੇਯੂ ਡਕੌਂਦਾ ਨੇ ਥਾਣਾ ਸਦਰ ਅੱਗੇ ਲਗਾਏ ਪੱਕੇ ਧਰਨੇ ਨੂੰ 20 ਜੁਲਾਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ, ਬਲਾਕ ਪ੍ਰਧਾਨ ਸ਼ੇਰਪੁਰ ਸਮਸ਼ੇਰ ਸਿੰਘ ਈਸਾਪੁਰ ਅਤੇ ਬਲਾਕ ਪ੍ਰਧਾਨ ਧੂਰੀ ਨਾਜ਼ਮ ਸਿੰਘ ਪੁੰਨਾਵਾਲ ਨੇ ਪ੍ਰੈਸ ਨੂੰ ਜ਼ਾਰੀ ਬਿਆਨ ਵਿੱਚ ਕੀਤਾ। ਉਨ੍ਹਾਂ ਵਿਵਾਦਤ ਜ਼ਮੀਨ ’ਤੇ ਉੱਚ ਅਦਾਲਤ ਦੇ ਫੈਸਲੇ ਤੱਕ 145 ਧਾਰਾ ਲਗਾਉਣ ਸਬੰਧੀ ਐੱਸਡੀਐੱਮ ਧੂਰੀ ਨੂੰ ਮੁੜ ਲਿਖਕੇ ਭੇਜਣ ਅਤੇ ਦੂਜੀ ਧਿਰ ’ਤੇ ਦਰਜ ਕੀਤੇ ਪਰਚਿਆਂ ’ਚ ਦੋ ਅਹਿਮ ਧਰਾਵਾ ਨਾ ਲਗਾਏ ਜਾਣ ਦੀ ਮੰਗ ਵਿੱਚੋਂ ਇੱਕ ਧਾਰਾ ਦੇ ਹੋਰ ਵਾਧੇ ਦੀ ਮੰਗ ਨੂੰ ਮੰਨ ਲੈਣ ਦਾ ਦਾਅਵਾ ਵੀ ਕੀਤਾ। ਉਧਰ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਅੱਜ ਵਰ੍ਹਦੇ ਮੀਂਹ ਵਿੱਚ ਵੀ ਜਹਾਂਗੀਰ ਦੇ ਵਿਵਾਦਤ ਖੇਤ ਵਿੱਚ ਲਗਾਇਆ ਪੱਕਾ ਧਰਨਾ ਨੌਵੇਂ ਦਿਨ ਵੀ ਜਾਰੀ ਰੱਖਿਆ।