ਕਰੋਨਾ ਨੂੰ ਮਾਤ: ਤੰਦਰੁਸਤ ਹੋ ਕੇ ਘਰ ਪਰਤੇ 38 ਮਰੀਜ਼

ਕਰੋਨਾ ਨੂੰ ਮਾਤ: ਤੰਦਰੁਸਤ ਹੋ ਕੇ ਘਰ ਪਰਤੇ 38 ਮਰੀਜ਼

ਸੰਗਰੂਰ ਦੇ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤਣ ਮੌਕੇ ਮਰੀਜ਼ ਤੇ ਸਿਹਤ ਵਿਭਾਗ ਦੀ ਟੀਮ।

ਗੁਰਦੀਪ ਸਿੰਘ ਲਾਲੀ

ਸੰਗਰੂਰ, 5 ਜੁਲਾਈ

ਜ਼ਿਲ੍ਹਾ ਸੰਗਰੂਰ ਵਿੱਚ ਅੱਜ 38 ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਵਿੱਚੋਂ ਇਨ੍ਹਾਂ 38 ਮਰੀਜ਼ਾਂ ਨੂੰ ਹਸਪਤਾਲ ਦੇ ਸਟਾਫ਼ ਵੱਲੋਂ ਭਾਵੁਕ ਤੇ ਨਿੱਘੀ ਵਿਦਾਇਗੀ ਦਿੰਦਿਆਂ ਤਾੜੀਆਂ ਦੀ ਗੂੰਜ ਵਿੱਚ ਘਰਾਂ ਨੂੰ ਰਵਾਨਾ ਕੀਤਾ ਗਿਆ। ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ 529 ਕਰੋਨਾ ਪਾਜ਼ੇਟਿਵ ਮਰੀਜ਼ਾਂ ਵਿੱਚੋਂ 412 ਕਰੋਨਾ ਨੂੰ ਮਾਤ ਦਿੰਦਿਆਂ ਤੰਦਰੁਸਤ ਹੋ ਚੁੱਕੇ ਹਨ। ਫਿਲਹਾਲ ਐਕਟਿਵ ਮਰੀਜ਼ਾਂ ਦੀ ਗਿਣਤੀ 103 ਹੈ ਜਿਨ੍ਹਾਂ ’ਚੋਂ 2 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ ’ਚੋਂ 30 ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਜਦਕਿ 8 ਮਰੀਜ਼ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ ਛੁੱਟੀ ਮਿਲਣ ਤੋਂ ਬਾਅਦ ਆਪੋ-ਆਪਣੇ ਘਰ ਪਰਤੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ ’ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।

ਸਿਹਤ ਕਰਮੀ ਕਰੋਨਾ ਪਾਜ਼ੇਟਿਵ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ ਵਿੱਚ ਕੰਮ ਕਰਦੇ ਸਿਹਤ ਕਰਮੀ ਦੀ ਰਿਪੋਰਟ ਅੱਜ ਕਰੋਨਾ ਪਾਜ਼ੇਟਿਵ ਆਈ ਹੈ। ਪਿੰਡ ਤੇਈਪੁਰ ਦੇ ਰਹਿਣ ਵਾਲੇ ਸਿਹਤ ਕਰਮੀ ਦਾ ਕਰੋਨਾ ਦਾ ਟੈਸਟ ਲਿਆ ਗਿਆ ਸੀ ਜੋ ਅੱਜ ਪਾਜ਼ੇਟਿਵ ਆ ਗਿਆ ਹੈ।  ਸੀਨੀਅਰ ਮੈਡੀਕਲ ਅਫਸਰ ਸ਼ੁਤਰਾਣਾ ਡਾ. ਦਰਸ਼ਨ ਕੁਮਾਰ ਨੇ ਦੱਸਿਆ ਕਿ  ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ ਵਿੱਚ ਤਾਇਨਾਤ ਸਿਹਤ ਕਰਮੀ ਨੂੰ ਕੁਝ ਦਿਨਾਂ ਤੋਂ ਜ਼ੁਕਾਮ ਅਤੇ ਬੁਖਾਰ ਦੀ ਤਕਲੀਫ਼ ਸੀ ਜਿਸ ਕਾਰਨ ਵੀਰਵਾਰ ਨੂੰ ਉਸ ਦਾ ਕਰੋਨਾ ਵਾਇਰਸ ਦਾ ਟੈਸਟ ਲਿਆ ਗਿਆ ਸੀ ਜੋ ਅੱਜ ਪਾਜ਼ੇਟਿਵ ਆਇਆ ਹੈ। ਸਿਹਤ ਵਿਭਾਗ ਵੱਲੋਂ ਉਸ ਨੂੰ ਉਸ ਦੇ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਸ ਦੇ ਪਰਿਵਾਰ ਨੂੰ ਸਾਵਧਾਨੀ ਦੇ ਤੌਰ ਉੱਤੇ ਉਸ ਤੋਂ ਦੂਰ ਰਹਿਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। 

ਸੁਰਜਨ ਬਸਤੀ ਦਿੜ੍ਹਬਾ ਦੇ ਪਤੀ-ਪਤਨੀ ਕਰੋਨਾ ਪਾਜ਼ੇਟਿਵ

ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਸੁਰਜਨ ਬਸਤੀ ਦਿੜ੍ਹਬਾ ਵਿੱਚ ਅੱਜ ਪਤੀ-ਪਤਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਐੱਸਐੱਮਓ ਡਾ. ਆਰਤੀ ਪਾਂਡਵ ਅਤੇ ਫਰਮਾਸਿਸਟ ਰਾਜ ਕੁਮਾਰ ਬਾਬੂ ਨੇ ਦੱਸਿਆ ਕਿ ਹੰਸ ਰਾਜ ਨੂੰ ਖੰਘ ਤੇ ਬੁਖਾਰ ਦੀ ਸ਼ਿਕਾਇਤ ਸੀ ਅਤੇ ਉਸ ਦੀ ਪਤਨੀ ਬੀਨਾ ਰਾਣੀ ਨੂੰ ਸ਼ੂਗਰ ਦੀ ਸ਼ਿਕਾਇਤ ਸੀ, ਜਿਸ ਕਰਕੇ ਉਹ ਸਰਕਾਰੀ ਹਸਪਤਾਲ ਕੌਹਰੀਆਂ ਵਿੱਚ ਆਪਣਾ ਚੈੱਕ ਅੱਪ ਕਰਵਾਉਣ ਗਏ ਸਨ ਤਾਂ ਸ਼ੱਕ ਹੋਣ ਕਾਰਨ ਉਹਨਾਂ ਦੋਵੇਂ ਪਤੀ ਪਤਨੀ ਦੀ 1 ਜੁਲਾਈ ਨੂੰ ਸਰਕਾਰੀ ਹਸਪਤਾਲ ਕੌਹਰੀਆਂ ਵਿੱਚ ਸੈਂਪਲਿੰਗ ਕੀਤੀ ਗਈ ਸੀ ਅਤੇ ਬੀਤੀ ਰਾਤ ਇਨ੍ਹਾਂ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅੱਜ ਇਨ੍ਹਾਂ ਦੋਵਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿੱਚ ਬਣੇ ਆਇਸੋਲੇਸ਼ਨ ਸੈਂਟਰ ਵਿੱਚ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। 

ਮਾਲੇਰਕੋਟਲਾ ’ਚ ਇਕ ਹੋਰ ਕਰੋਨਾ ਮਰੀਜ਼ ਆਇਆ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਮਾਲੇਰਕੋਟਲਾ ‘ਚ ਇਕ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ। ਬਲਾਕ ਮਾਲੇਰਕੋਟਲਾ ‘ਚ ਹੁਣ ਕਰੋਨਾ ਪਾਜ਼ੇਟਿਵਾਂ ਦੀ ਗਿਣਤੀ 209 ਹੋ ਗਈ ਹੈ,ਜਿਨ੍ਹਾਂ ‘ਚੋਂ ਹੁਣ ਤੱਕ 144 ਮਰੀਜ਼ ਰਾਜ਼ੀ ਹੋ ਚੁੱਕੇ ਹਨ ,54 ਐਕਟਿਵ ਕੇਸ ਹਨ ਅਤੇ 11 ਜਣਿਆਂ ਦੀ ਮੌਤ ਹੋ ਚੁੱਕੀ ਹੈ। ਅੱਜ 15 ਮਰੀਜ਼ ਕਰੋਨਾ ਨੈਗੇਟਿਵ ਹੋ ਕੇ ਆਪਣੇ ਘਰੀਂ ਪਰਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All