ਭੱਠਾ ਮਜ਼ਦੂਰ ਹੱਕਾਂ ਲਈ ਡੀ ਸੀ ਦਫ਼ਤਰ ਅੱਗੇ ਗਰਜੇ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭੱਠਾ ਮਜ਼ਦੂਰਾਂ ਦਾ ਵੱਡਾ ਇਕੱਠ ਕੀਤਾ ਗਿਆ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰਨ ਅਤੇ ਘੱਟੋ-ਘੱਟ ਉਜਰਤਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਭਰਵੇਂ ਇਕੱਠ ਨੂੰ...
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭੱਠਾ ਮਜ਼ਦੂਰਾਂ ਦਾ ਵੱਡਾ ਇਕੱਠ ਕੀਤਾ ਗਿਆ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰਨ ਅਤੇ ਘੱਟੋ-ਘੱਟ ਉਜਰਤਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਭਰਵੇਂ ਇਕੱਠ ਨੂੰ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤਰਸੇਮ ਜੋਧਾਂ ਸਾਬਕਾ ਵਿਧਾਇਕ, ਸੂਬਾ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਅਤੇ ਜ਼ਿਲ੍ਹਾ ਇੰਚਾਰਜ ਸਤਪਾਲ ਸਿੰਘ ਬਹਿਣੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਭੱਠਾ ਮਜ਼ਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਰੋਸ ਪ੍ਰਦਰਸ਼ਨਾਂ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਮਜ਼ਦੂਰ ਜਮਾਤ ਨਾਲ ਧੋਖਾ ਹੀ ਕੀਤਾ ਹੈ, ਮਜ਼ਦੂਰਾਂ ਨੂੰ ਸਿਰਫ਼ ਚੋਣਾਂ ਵਿੱਚ ਲਾਲਚ ਦੇ ਕੇ ਵੋਟਾਂ ਹੀ ਵਟੋਰੀਆਂ ਜਾਂਦੀਆਂ ਹਨ। ਆਗੂਆਂ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਘੱਟੋ-ਘੱਟ ਉਜ਼ਰਤਾਂ ਵਿਚ ਮਹਿੰਗਾਈ ਅੰਕੜਿਆਂ ਅਨੁਸਾਰ ਦੁਹਰਾਈ ਨਾ ਕਰਨਾ, ਮਾਰਚ 2024 ਦੀਆਂ ਘੱਟੋ-ਘੱਟ ਉਜ਼ਰਤਾਂ ਜਾਰੀ ਨਾ ਕਰਨ ਕਿਰਤੀਆਂ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਭੱਠਾਂ ਮਾਲਕਾਂ ਵੱਲੋਂ ਭੱਠਾ ਮਜ਼ਦੂਰਾਂ ਲਈ ਲੇਬਰ ਦੇ ਰੇਟ ਦਾ ਮਾਮਲਾ ਹਾਲੇ ਤੱਕ ਹੱਲ ਨਹੀਂ ਹੋਇਆ ਜਿਸ ਕਾਰਨ ਅੱਜ ਮੁੜ ਭੱਠਾ ਮਜ਼ਦੂਰਾਂ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਪਈ ਹੈ। ਚਰਨਜੀਤ ਸਿੰਘ ਹਿਮਾਂਯੂੰਪੁਰਾ ਨੇ ਦੱਸਿਆ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ, ਭੱਠਾ ਮਾਲਕ ਐਸੋਸੀਏਸ਼ਨ ਅਤੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਵਿਚਕਾਰ ਮੀਟਿੰਗ ਹੋਈ ਜਿਸ ਵਿਚ ਭੱਠਾ ਮਜ਼ਦੂਰਾਂ ਦੇ ਰੇਟਾਂ ਬਾਰੇ ਵਿਚਾਰ-ਵਿਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਐਤਵਾਰ ਤੱਕ ਭੱਠਾ ਮਜ਼ਦੂਰਾਂ ਦੇ ਰੇਟਾਂ ਬਾਰੇ ਮਸਲਾ ਹੱਲ ਨਾ ਹੋਇਆ ਤਾਂ ਸੋਮਵਾਰ ਤੋਂ ਭੱਠਾ ਮਜ਼ਦੂਰ ਆਪਣੇ ਰਾਸ਼ਨ ਸਮੇਤ ਡੀ ਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਐਸੋਸੀਏਸ਼ਨ ਆਗੂ ਸਰਦਾਰ ਅਲੀ ਕੰਗਣਵਾਲ, ਰਣਜੀਤ ਸਿੰਘ ਸਾਇਆਂ, ਹਰਜਿੰਦਰ ਸਿੰਘ ਕਾਲਾ ਬਨਭੌਰਾ, ਕੁਲਵਿੰਦਰ ਸਿੰਘ ਸ਼ੇਰੋਂ, ਸੁਰਜੀਤ ਸਿੰਘ ਤੋਲਾਵਾਲ, ਗੁਰਤੇਜ ਸਿੰਘ ਲੌਂਗੋਵਾਲ, ਅਮਨਦੀਪ ਸਿੰਘ ਲਹਿਲ, ਜੀਵਨ ਸਿੰਘ ਲੋਹਾਖੇੜਾ, ਮਿੰਟੂ ਕੁਮਾਰ, ਸਤਨਾਮ ਰਾਏਕੋਟ, ਅਮਰਜੀਤ ਸਿੰਘ ਹਿਮਾਂਯੂਪੁਰਾ ਆਦਿ ਸ਼ਾਮਲ ਹੋਏ।

