ਐਮੀਨੈਂਸ ਸਕੂਲ ਘਨੌਰੀ ਕਲਾਂ ਵਿੱਚ ਸਕੂਲ ਪ੍ਰਿੰਸੀਪਲ ਖੁਸ਼ਦੀਪ ਗੋਇਲ ਦੀ ਦੇਖ-ਰੇਖ ਹੇਠ ਚੱਲ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਖੋ-ਖੋ ਅੰਡਰ-17 (ਲੜਕੀਆਂ) ਮੁਕਾਬਲੇ ਅੱਜ ਖ਼ਤਮ ਹੋ ਗਏ। ਫਾਈਨਲ ਮੁਕਾਬਲੇ ਵਿੱਚ ਸੰਗਰੂਰ ਨੇ ਪਟਿਆਲਾ ਦੀ ਟੀਮ ਨੂੰ ਹਰਾ ਕੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਮੇਜ਼ਬਾਨ ਸਕੂਲ ਦੇ ਖੋ-ਖੋ ਕੋਚ ਮਰਹੂਮ ਕੁਲਵਿੰਦਰ ਸਿੰਘ ਅਲੀਪੁਰ ਦੀ ਯਾਦ ਨੂੰ ਸਮਰਪਿਤ ਖੇਡਾਂ ਦੀ ਸਮਾਪਤੀ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਰੇਸ਼ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫਾਈਨਲ ਵਿੱਚ ਪਟਿਆਲਾ ਨੂੰ ਹਰਾ ਕੇ ਸੰਗਰੂਰ ਟੀਮ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਅਤੇ ਓਵਰਆਲ ਟਰਾਫੀ ਜਿੱਤੀ। ਪਟਿਆਲਾ ਦੀ ਟੀਮ ਦੂਜੇ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਤੀਜੇ ਸਥਾਨ ’ਤੇ ਰਹੀ। ਨਰੇਸ਼ ਸੈਣੀ ਅਤੇ ਪ੍ਰਿੰਸੀਪਲ ਖੁਸ਼ਦੀਪ ਗੋਇਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਖੇਡਾਂ ਦੇ ਪਹਿਲੇ ਦਿਨ ਉਦਘਾਟਨ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕੀਤਾ ਸੀ। ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਪ੍ਰਬੰਧਕੀ ਟੀਮ ਦੇ ਮੈਂਬਰਾਂ ਸੁਖਵਿੰਦਰ ਜਹਾਂਗੀਰ, ਭੀਮ ਸਿੰਘ, ਮਨੋਜ ਕੁਮਾਰ, ਕੋਚ ਬਲਵੀਰ ਸਿੰਘ ਬਾਦਸ਼ਾਹਪੁਰ, ਸੁਨੀਤਾ ਰਾਣੀ, ਰੀਟਾ ਰਾਣੀ, ਦਿਲਪ੍ਰੀਤ ਸਿੰਘ, ਅਮਰੀਕ ਸਿੰਘ ਅਤੇ ਕਰਨੈਲ ਸਿੰਘ ਦਾ ਯੋਗਦਾਨ ਰਿਹਾ।
ਖਿਡਾਰੀਆਂ ਨੇ ਜੌਹਰ ਦਿਖਾਏ
ਪਟਿਆਲਾ (ਗੁਰਨਾਮ ਅਕੀਦਾ): ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਚੌਥੇ ਦਿਨ ਐਥਲੈਟਿਕਸ, ਕਬੱਡੀ, ਵਾਲੀਬਾਲ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ ਅਤੇ ਤੈਰਾਕੀ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਲਾਅਨ ਟੈਨਿਸ, ਟੇਬਲ ਟੈਨਿਸ ਅਤੇ ਐਥਲੈਟਿਕਸ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੈਂਡਬਾਲ ਅੰਡਰ-14 ਅਤੇ ਅੰਡਰ-17 ਵਰਗ ਵਿੱਚ ਭੁਨਰਹੇੜੀ ਦੀ ਟੀਮ ਨੇ ਸਨੌਰ ਨੂੰ ਹਰਾ ਕੇ ਜਿੱਤ ਦਰਜ ਕੀਤੀ, ਜਦੋਂਕਿ 21-30 ਉਮਰ ਵਰਗ ਵਿੱਚ ਸਨੌਰ ਦੀ ਟੀਮ ਨੇ ਭੁਨਰਹੇੜੀ ਨੂੰ 18-15 ਦੇ ਫਰਕ ਨਾਲ ਹਰਾ ਕੇ ਬਾਜ਼ੀ ਮਾਰੀ।

