Khanauri Water Works Project: ਖਨੌਰੀ ਵਾਸੀਆਂ ਨੂੰ ਜਲਦ ਹੀ ਸ਼ੁੱਧ ਪਾਣੀ ਮਿਲੇਗਾ
ਕੈਬਨਿਟ ਮੰਤਰੀ ਨੇ 18 ਕਰੋਡ਼ ’ਚ ਬਣਨ ਵਾਲੇ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ
ਕਸਬਾ ਖਨੌਰੀ ਵਾਸੀਆਂ ਨੂੰ ਦਰਪੇਸ਼ ਸ਼ੁੱਧ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕਰਦਿਆਂ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਅੱਜ ਖਨੌਰੀ ਵਿੱਚ 18 ਕਰੋੜ 13 ਲੱਖ ਰੁਪਏ ਨਾਲ ਬਣਨ ਵਾਲੇ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤਹਿਤ ਨਹਿਰ ਦੇ ਪਾਣੀ ਨੂੰ ਸ਼ੁੱਧ ਕਰ ਕੇ ਪੀਣ ਲਈ ਸਪਲਾਈ ਕੀਤਾ ਜਾਵੇਗਾ। ਇਸ ਮੌਕੇ ਖਨੌਰੀ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਸ੍ਰੀ ਗੋਇਲ ਦਾ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਲਹਿਰਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ, ਇਸ ਲਈ ਹਲਕੇ ਅੰਦਰ ਵਿਕਾਸ ਕੰਮ ਕਰਵਾਉਣਾ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜ੍ਹਨਾ ਕਿਸੇ ’ਤੇ ਅਹਿਸਾਨ ਨਹੀਂ ਬਲਕਿ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਸ੍ਰੀ ਗੋਇਲ ਨੇ ਕਿਹਾ ਕਿ ਉਕਤ ਵਾਟਰ ਵਰਕਸ ਨੂੰ ਤੈਅ ਸਮੇਂ ਵਿੱਚ ਤਿਆਰ ਕਰ ਲਿਆ ਜਾਵੇਗਾ ਅਤੇ ਜਲਦੀ ਹੀ ਖਨੌਰੀ ਵਾਸੀਆਂ ਨੂੰ ਸ਼ੁੱਧ ਪੀਣ ਦਾ ਪਾਣੀ ਉਪਲਬਧ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਹਿਤ 0.50 ਲੱਖ ਗੈਲਨ ਪਾਣੀ ਵਾਲੀ ਵੱਡੀ ਟੈਂਕੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਪਾਣੀ ਦੀ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਜਿੱਥੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਨਵੇਂ ਵਾਟਰ ਵਰਕਸ ਲਗਾਏ ਜਾ ਰਹੇ ਹਨ, ਉੱਥੇ ਹੀ ਸ਼ੁੱਧ ਪੀਣ ਦਾ ਪਾਣੀ ਉਪਲਬਧ ਕਰਵਾਉਣ ਲਈ ਆਰ ਓ ਲਾਏ ਜਾ ਰਹੇ ਹਨ ਅਤੇ ਖਰਾਬ ਆਰ ਓਜ਼ ਨੂੰ ਠੀਕ ਕਰਵਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀਣ ਵਾਲੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਸਪਲਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ 315 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਤੇ ਪ੍ਰਾਪਤੀਆਂ ਬਾਰੇ ਦੱਸਿਆ।
ਦਰਜਨਾਂ ਪਿੰਡਾਂ ਵਿੱਚ ਕੀਤੀ ਲੋਕ ਮਿਲਣੀ
ਲਹਿਰਾਗਾਗਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਚਲਾਈ ਮੁਹਿੰਮ ਲੋਕ ਮਿਲਣੀ ਮੁਹਿੰਮ ਤਹਿਤ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਪਿੰਡਾਂ ਖਾਈ, ਖੰਡੇਬਾਦ, ਕਾਲਾਬੰਜਾਰਾ, ਜਲੂਰ, ਗੁਰਨੇ ਖੁਰਦ, ਗੁਰਨੇ ਕਲਾਂ, ਬਖੋਰਾ ਖੁਰਦ, ਬਖੋਰਾ ਕਲਾਂ ਅਤੇ ਲਹਿਰਾਗਾਗਾ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਮੁਸ਼ਕਲਾਂ ਨੂੰ ਸੁਣਿਆ, ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਸਕੀਮਾਂ ਨੂੰ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਪੰਜਾਬ ਨੂੰ ਧਰਮ ਅਤੇ ਜਾਤ ਦੇ ਨਾਂ ’ਤੇ ਲੜਾ ਕੇ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਖੁਸ਼ਹਾਲੀ ਤੇ ਅਮਨ ਸ਼ਾਂਤੀ ਦੀ ਗੱਲ ਕਰਦੀ ਹੈ। ਸ੍ਰੀ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਅੰਦਰ ਐੱਸ ਆਈ ਆਰ ਦੀ ਚੱਲ ਰਹੀ ਮੁਹਿੰਮ ਤਹਿਤ ਆਪੋ-ਆਪਣੇ ਦਸਤਾਵੇਜ਼ ਬੀ ਐੱਲ ਓਜ਼ ਕੋਵ ਜਮ੍ਹਾਂ ਕਰਵਾਉਣ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਐੱਸ ਆਈ ਆਰ ਦੇ ਸਹਾਰੇ ਪੰਜਾਬ ਵਿੱਚ ਵੋਟਾਂ ਕੱਟ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਭਾਜਪਾ ਦੇ ਸੁਪਨੇ ਫੇਲ੍ਹ ਕਰ ਦੇਣਗੇ।
