The grand Kar Seva: ਮਸਤੂਆਣਾ ਸਾਹਿਬ ਵਿੱਚ ਸਰੋਵਰ ਦੀ ਕਾਰ ਸੇਵਾ ਸੰਪੂਰਨ
ਸੰਤ ਅਤਰ ਸਿੰਘ ਦੀ ਬਰਸੀ ਮੌਕੇ ਕਾਰ ਸੇਵਾ ਵਿੱਚ ਸੰਗਤ ਦਾ ਸੈਲਾਬ
ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਅਤਰ ਸਿੰਘ ਦੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਪਵਿੱਤਰ ਸਰੋਵਰ ਵਿੱਚੋਂ ਗਾਰ ਕੱਢਣ ਮਗਰੋਂ ਬਰੇਤੀ ਪਾਉਣ ਦੀ ਮਹਾਨ ਕਾਰ-ਸੇਵਾ ਇਲਾਕੇ ਅਤੇ ਦੂਰ-ਦੁਰਾਡੇ ਦੀਆਂ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਅਤੇ ਜੈਕਾਰਿਆਂ ਦੀ ਗੂੰਜ ਹੇਠ ਸੰਪੂਰਨ ਕਰ ਲਈ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਅਰਦਾਸ ਉਪਰੰਤ ਆਰੰਭ ਹੋਈ ਇਸ ਸੇਵਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਟਰੈਕਟਰ-ਟਰਾਲੀਆਂ ਅਤੇ ਟਿੱਪਰਾਂ ਰਾਹੀਂ ਬਰੇਤੀ ਪਹੁੰਚਾਈ। ਸੰਗਤ ਦੇ ਭਾਰੀ ਉਤਸ਼ਾਹ ਕਾਰਨ ਸਰੋਵਰ ਦੇ ਆਲੇ-ਦੁਆਲੇ ਬਰੇਤੀ ਦੇ ਵੱਡੇ-ਵੱਡੇ ਢੇਰ ਲੱਗ ਗਏ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਸੰਤ ਕਾਕਾ ਸਿੰਘ, ਬਾਬਾ ਸੁਖਦੇਵ ਸਿੰਘ ਮੁੱਖ ਗ੍ਰੰਥੀ, ਬਾਬਾ ਹਰਬੇਅੰਤ ਸਿੰਘ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ, ਬਾਬਾ ਸੁਰਜੀਤ ਸਿੰਘ ਗੁ. ਅੰਗੀਠਾ ਸਾਹਿਬ ਖਨਾਲ ਵਾਲੇ, ਬਾਬਾ ਸੁਖਵਿੰਦਰ ਸਿੰਘ ਸੋਨੀ, ਬਾਬਾ ਮੋਹਨ ਸਿੰਘ ਮੁਕੰਦਪੁਰੇ ਵਾਲਿਆਂ ਤੋਂ ਇਲਾਵਾ ਮਸਤੂਆਣਾ ਟਰੱਸਟ ਦੇ ਪ੍ਰਧਾਨ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਹਰਿੰਦਰਵੀਰ ਸਿੰਘ ਫਤਹਿਗੜ੍ਹ, ਭੁਪਿੰਦਰ ਸਿੰਘ ਗਰੇਵਾਲ, ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਜਥੇਦਾਰ ਮੇਵਾ ਸਿੰਘ ਉੱਪਲੀ, ਮੈਨੇਜਰ ਮਲਕੀਤ ਸਿੰਘ ਚੀਮਾ, ਗੁਰਦਿਆਲ ਸਿੰਘ ਚੱਠਾ, ਬਾਬਾ ਤੇਜੇਸ਼ਵਰ ਸਿੰਘ ਗੋਬਿੰਦ, ਬਾਬਾ ਗੁਰਪ੍ਰੀਤ ਸਿੰਘ ਲੂਲੋਵਾਲ ਵਾਲੇ, ਮੈਨੇਜਰ ਜਸਵੀਰ ਸਿੰਘ, ਦਮਦਮੀ ਟਕਸਾਲ ਤੋਂ ਜਥੇਦਾਰ ਗੁਰਮੀਤ ਸਿੰਘ, ਬਾਬਾ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ ਆਗੂ ਅਤੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋਂ ਇਸ ਸਰੋਵਰ ਵਿੱਚ ਬਰੇਤੀ ਪਾਉਣ ਦੀ ਕਾਰ ਸੇਵਾ ਵਿੱਚ ਹਿੱਸਾ ਲਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਗਤ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ-ਘਰ ਦੀ ਸੇਵਾ ਨਾਲ ਮਨ ਨੂੰ ਅਲੌਕਿਕ ਸ਼ਾਂਤੀ ਮਿਲਦੀ ਹੈ। ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਅਤਰ ਸਿੰਘ ਦੇ ਜੀਵਨ ਫ਼ਲਸਫ਼ੇ ਅਤੇ ਵਿੱਦਿਅਕ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਕਾਰ ਸੇਵਾ ਦੌਰਾਨ ਪੁੱਜੀ ਸੰਗਤ ਲਈ ਚਾਹ-ਪਕੌੜਿਆਂ, ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ, ਜੂਸ ਅਤੇ ਫ਼ਲ-ਫਰੂਟ ਦੇ ਵਿਸ਼ੇਸ਼ ਲੰਗਰ ਲਾਏ ਗਏ।

