Sangrur Daylight Theft: ਇਥੋਂ ਨੇੜਲੇ ਪਿੰਡ ਬਡਰੁੱਖਾਂ ਦੀ ਕਲੋਨੀ ਦੇ ਇੱਕ ਮਕਾਨ ਵਿੱਚ ਦਿਨ ਦਿਹਾੜੇ ਚੋਰ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਅਤੇ ਕਰੀਬ ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ, 30-35 ਤੋਲੇ ਚਾਂਦੀ ਦੇ ਗਹਿਣੇ ਅਤੇ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ।
ਸੰਗਰੂਰ ਅਤੇ ਬਡਰੁੱਖਾਂ ਪਿੰਡ ਦੇ ਵਿਚਕਾਰ ਬਿਜਲੀ ਗਰਿੱਡ ਦੇ ਸਾਹਮਣੇ ਸੰਤ ਅਤਰ ਸਿੰਘ ਨਗਰ ਨੇੜੇ ਸਥਿਤ ਕਲੋਨੀ ਵਿਚ ਕੁਲਦੀਪ ਸਿੰਘ ਹਰੇੜੀ ਵਾਲੇ ਦੇ ਘਰ ਚੋਰੀ ਹੋਈ ਹੈ। ਮਕਾਨ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਮੁੱਖ ਸੜਕ ’ਤੇ ਲੱਗੇ ਲੰਗਰ ਵਿਚ ਸੇਵਾ ਕਰ ਰਿਹਾ ਸੀ। ਦਿਨੇ ਜਦੋਂ ਉਹ ਮੋਬਾਈਲ ਚਾਰਜ ਕਰਨ ਲਈ ਘਰ ਆਇਆ ਤਾਂ ਵੇਖਿਆ ਕਿ ਘਰ ਦਾ ਜਿੰਦਰਾ ਟੁੱਟਿਆ ਪਿਆ ਸੀ ਅਤੇ ਘਰ ਵਿਚ ਅਲਮਾਰੀ ਅਤੇ ਟਰੰਕ ਆਦਿ ਖੁੱਲ੍ਹੇ ਪਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ।
ਸਾਮਾਨ ਚੈਕ ਕਰਨ ’ਤੇ ਪਤਾ ਲੱਗਿਆ ਕਿ ਕਰੀਬ ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ, ਹਾਰ, ਟਿੱਕਾ, ਕੜਾ, ਸੈੱਟ, ਅੰਗੂਠੀਆਂ ਤੋਂ ਇਲਾਵਾ ਚਾਂਦੀ ਦੇ ਕਰੀਬ 30-35 ਤੋਲੇ ਗਹਿਣੇ ਅਤੇ 30 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ। ਪਰਿਵਾਰ ਮੁਖੀ ਕੁਲਦੀਪ ਸਿੰਘ ਮਕਾਨ ਉਸਾਰੀ ਦਾ ਕੰਮ ਕਰਦਾ ਹੈ। ਪੁਲੀਸ ਚੌਕੀ ਬਡਰੁੱਖਾਂ ਦੇ ਇੰਚਾਰਜ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

