ਦਿੱਲੀ ਦੀਆਂ ਬਰੂਹਾਂ ’ਤੇ ਔਰਤ ਦਿਵਸ ਮਨਾਉਣ ਦਾ ਸੱਦਾ

ਦਿੱਲੀ ਦੀਆਂ ਬਰੂਹਾਂ ’ਤੇ ਔਰਤ ਦਿਵਸ ਮਨਾਉਣ ਦਾ ਸੱਦਾ

ਬੀਕੇਯੂ ਏਕਤਾ ਉਗਰਾਹਾਂ ਦੇ ਇਸਤਰੀ ਵਿੰਗ ਵੱਲੋਂ ਅਨਾਜ ਮੰਡੀ ਸ਼ੇਰਪੁਰ ਤੋਂ ਸ਼ੁਰੂ ਕੀਤੇ ਗਏ ਟਰੈਕਟਰ ਮਾਰਚ ਦਾ ਦ੍ਰਿਸ਼।

ਗੁਰਦੀਪ ਸਿੰਘ ਲਾਲੀ

ਸੰਗਰੂਰ, 6 ਮਾਰਚ

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨਾਂ ਵੱਲੋਂ ਜਿਥੇ ਅੱਜ ਦਾ ਦਿਨ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ ਉੱਥੇ 8 ਮਾਰਚ ਦੇ ਮਹਿਲਾ ਦਿਵਸ ਦੀ ਤਿਆਰੀ ਲਈ ਔਰਤਾਂ ਨੂੰ ਦਿੱਲੀ ਪੁੱਜਣ ਲਈ ਲਾਮਬੰਦ ਕੀਤਾ ਗਿਆ। ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਉੱਪਰ ਹਮਲੇ ਕਰਦਿਆਂ ਕਿਹਾ ਕਿ ਦੇਸ਼ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਗੁਲਾਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਗੁਲਾਮੀ ਨੂੰ ਸੱਦਾ ਦੇਣ ਵਾਲੇ ਕਾਲੇ ਕਾਨੂੰਨਾਂ ਹਰ ਹਾਲਤ ਵਿੱਚ ਰੱਦ ਕਰਵਾਇਆ ਜਾਵੇਗਾ। ਕਿਸਾਨ ਆਗੂਆਂ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਅਤੇ ਖਾਸ ਕਰਕੇ ਔਰਤਾਂ ਨੂੰ ਸੱਦਾ ਦਿੱਤਾ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 8 ਮਾਰਚ ਨੂੰ ਵੱਡੇ ਪੱਧਰ ’ਤੇ ਮਨਾਏ ਜਾ ਰਹੇ ਔਰਤ ਦਿਵਸ ਮੌਕੇ ਵਹੀਰਾਂ ਘੱਤ ਕੇ ਦਿੱਲੀ ਪੁੱਜਣ।

 ੱਇੱਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦਾ ਰੋਸ ਧਰਨਾ ਜਦੋਂ ਕਿ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨੇ ਜਾਰੀ ਹਨ। ਸਟੇਸ਼ਨ ਨੇੜੇ ਧਰਨੇ ਨੂੰ ਕਿਸਾਨ ਆਗੂ ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਬਟੜਿਆਣਾ, ਗੁਰਮੀਤ ਸਿੰਘ ਕਪਿਆਲ, ਰੋਹੀ ਸਿੰਘ ਮੰਗਵਾਲ, ਪਰਗਟ ਸਿੰਘ ਛਾਜਲੀ, ਇੰਦਰਜੀਤ ਸਿੰਘ ਛੰਨਾਂ, ਰਾਜ ਸਿੰਘ ਖਿੱਲਰੀਆਂ, ਕੁਲਜੀਤ ਸਿੰਘ ਨਾਗਰਾ ਆਦਿ ਨੇ ਸੰਬੋਧਨ ਕੀਤਾ। ਉਧਰ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ, ਹਰਦਿਆਲ ਸਿੰਘ ਕੰਮੋਮਾਜਰਾ, ਸ਼ਿੰਦਰ ਸਿੰਘ ਬਡਰੁੱਖਾਂ, ਸੋਮ ਨਾਥ ਸ਼ੇਰੋਂ, ਸੁਰਜੀਤ ਕੌਰ ਲੌਂਗੋਵਾਲ ਅਤੇ ਅਮਰਜੀਤ ਕੌਰ ਬਾਲੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਲਾ ਦਿਵਸ ਲਈ ਪਿੰਡ-ਪਿੰਡ ’ਚ ਭਾਰੀ ਉਤਸ਼ਾਹ ਹੈ ਅਤੇ ਭਲਕੇ ਵੱਡੀ ਤਾਦਾਦ ’ਚ ਔਰਤਾਂ ਦੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਣਗੇ। 

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਅੱਠ ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਲੀ ਵਿੱਚ ਕੀਤੇ ਜਾਣ ਵਾਲੇ ਵੱਡੇ ਇਕੱਠ ਦੇ ਮੱਦੇਨਜ਼ਰ ਸੁਨਾਮ ਖੇਤਰ ਦੇ ਪਿੰਡਾਂ ਵਿੱਚ ਦਿੱਲੀ ਚੱਲੋ ਦੇ ਨਾਅਰੇ ਗੂੰਜਦੇ ਰਹੇ।  ਦੂਜੇ ਪਾਸੇ ਸੁਨਾਮ ਸ਼ਹਿਰ ਵਿਚ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਚੱਲ ਰਹੇ ਪੱਕੇ ਕਿਸਾਨੀ ਮੋਰਚੇ ਵਿੱਚ ਬੁਲਾਰਿਆਂ ਵੱਲੋਂ 8 ਮਾਰਚ ਨੂੰ ਦਿੱਲੀ  ਜਾਣ ਦੀ ਅਪੀਲ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨ ਆਗੂਆਂ ਵੱਲੋਂ ਪਿੰਡ ਮਹਿਲਾਂ, ਚੱਠੇ ਨੰਨਹੇੜੇ, ਖਡਿਆਲ, ਮੈਦੇਵਾਸ ਅਦਿ ਪਿੰਡਾਂ ਵਿੱਚ ਲਾਮਬੰਦੀ ਰੈਲੀਆਂ ਅਤੇ ਟਰੈਕਟਰ ਮਾਰਚ ਕੱਢੇ ਗਏ। ਇਨ੍ਹਾਂ ਰੈਲੀਆਂ ਨੂੰ ਰਾਮਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠੇ, ਮਹਿੰਦਰ ਸਿੰਘ ਨਮੋਲ ਅਤੇ ਗੁਰਭਗਤ ਸਿੰਘ ਸ਼ਾਹਪੁਰ ਨੇ ਸੰਬੋਧਨ ਕੀਤਾ। ਭੋਲਾ ਸਿੰਘ ਸੰਗਰਾਮੀ ਅਤੇ ਭੋਲਾ ਸਿੰਘ ਛਾਜਲੀ ਨੇ ਇਨਕਲਾਬੀ ਗੀਤ ਗਾਏ।

ਸ਼ੇਰਪੁਰ (ਬੀਰਬਲ ਰਿਸ਼ੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਸਤਰੀ ਵਿੰਗ ਨੇ ਬਲਾਕ ਸ਼ੇਰਪੁਰ ਦੇ ਦਰਜ਼ਨਾਂ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਜਿੱਥੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਵਾਏ ਜਾਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਨਿੱਗਰ ਲਾਮਬੰਦੀ ਲਈ ਚੇਤਨਾ ਮਾਰਚ ਕੀਤਾ ਉੱਥੇ ਪਿੰਡਾਂ ਵਿੱਚ ਜਨਤਕ ਰੈਲੀਆਂ ਕਰਕੇ ਇਸਤਰੀਆਂ ਨੂੰ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਲਈ 8 ਮਾਰਚ ਨੂੰ ਔਰਤ ਦਿਵਸ ਦਿੱਲੀ ਦੀਆਂ ਬਰੂਹਾਂ ’ਤੇ ਜਾ ਕੇ ਮਨਾਉਣ ਦਾ ਸੱਦਾ ਦਿੱਤਾ। ਅੱਜ ਸਵੇਰ ਤੋਂ ਅਨਾਜ ਮੰਡੀ ਸ਼ੇਰਪੁਰ ਵਿਖੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਰਾਹੀਂ ਕਿਸਾਨੀ ਝੰਡੇ ਲੈ ਕੇ ਨਾਅਰੇ ਮਾਰਦੀਆਂ ਔਰਤਾਂ ਦੇ ਕਾਫ਼ਲੇ ਪੁੱਜਣੇ ਸ਼ੁਰੂ ਹੋਏ ਜਿੱਥੋਂ ਔਰਤਾਂ ਨੇ ਇਕੱਠੇ ਹੋਕੇ ਪਿੰਡਾਂ ਨੂੰ ਟਰੈਕਟਰ ਟਰਾਲੀ ਮਾਰਚ ਰਵਾਨਾ ਕੀਤਾ।

ਬੀਕੇਯੂ ਏਕਤਾ ਉਗਰਾਹਾਂ ਦੇ ਇਸਤਰੀ ਵਿੰਗ ਦੀਆਂ ਮੋਹਰੀ ਕਿਸਾਨ ਬੀਬੀਆਂ ਮਨਜੀਤ ਕੌਰ, ਕੁਲਦੀਪ ਕੌਰ ਅਤੇ ਸਰਬਜੀਤ ਕੌਰ ਦੀ ਸਾਂਝੇ ਤੌਰ ’ਤੇ ਤੁਰੇ ਕਾਫ਼ਲੇ ਅੱਗੇ ਜਿਪਸੀ ਵਿੱਚ ਸਪੀਕਰ ਰੱਖ ਕੇ ਪੂਰੇ ਰੋਸ ਮਾਰਚ ਦੀ ਅਗਵਾਈ ਖੁਦ ਕੀਤੀ। 

ਇਸਤਰੀ ਬੁਲਾਰਿਆਂ ਨੇ ਪਿੰਡਾਂ ’ਚ ਕੀਤੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੀ ਆਰ ਪਾਰ ਦੀ ਲੜਾਈ ਲਈ ਇਸਤਰੀਆਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਦਿਆਂ ਅੱਗੇ ਆਉਣ ਲਈ ਪ੍ਰੇਰਿਆ। ਆਗੂ ਬੀਬੀਆਂ ਸੁਖਜੀਤ ਕੌਰ ਗੁਰਬਖ਼ਸ਼ਪੁਰਾ, ਜਸਵੰਤ ਕੌਰ, ਅਮਰਜੀਤ ਕੌਰ ਈਨਾਬਾਜਵਾ, ਮੁਖਤਿਆਰ ਕੌਰ ਟਿੱਬਾ, ਨਵਦੀਪ ਕੌਰ ਬਧੇਸਾ ਅਤੇ ਪ੍ਰਦੀਪ ਕੌਰ ਨੇ ਔਰਤ ਦਿਵਸ ਦਿੱਲੀ ਬਾਰਡਰਾਂ ’ਤੇ ਮਨਾਏ ਜਾਣ ਸਬੰਧੀ ਰੂਪ ਰੇਖਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ     ਪ੍ਰੋਗਰਾਮ ਲਈ 7 ਮਾਰਚ ਨੂੰ ਰਵਾਨਾ ਹੋਣ ਸਬੰਧੀ ਦੱਸਿਆ। 

ਉਗਰਾਹਾਂ ਧੜੇ ਨੇ ਟਰੈਕਟਰ ਮਾਰਚ ਕੱਢਿਆ

ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ): ਕਿਸਾਨੀ ਅੰਦੋਲਨ ਦੌਰਾਨ ਦਿੱਲੀ ਵਿੱਚ ਅੱਠ ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੀਮਾ, ਝਾੜੋਂ, ਸ਼ਾਹਪੁਰ, ਸ਼ੇਰੋਂ, ਮਾਡਲ ਟਾਊਨ ਸ਼ੇਰੋਂ, ਕਣਕਵਾਲ ਭੰਗੂਆ, ਤੋਲਾਵਾਲ, ਬੀਰ ਕਲਾਂ ਤੇ ਇਲਾਕੇ ਦੇ ਹੋਰ ਪਿੰਡਾਂ ਵਿੱਚ ਕਿਸਾਨਾਂ ਅਤੇ ਔਰਤਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਸੁਨਾਮ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਸ਼ਾਹਪੁਰ ਤੇ ਸੁਖਦੇਵ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਲੱਗੇ ਕਿਸਾਨ ਮੋਰਚੇ ਦੌਰਾਨ ਅੱਠ ਮਾਰਚ ਨੂੰ ਔਰਤ ਸ਼ਕਤੀ ਦਾ ਮੁਜ਼ਾਹਰਾ ਕਰਨ ਲਈ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਨੇੜੇ ਔਰਤ ਰੈਲੀ ਕੀਤੀ ਜਾ ਰਹੀ ਹੈ। ਰੈਲੀ ਵਿੱਚ ਇਲਾਕੇ ਦੀਆਂ ਮਹਿਲਾਵਾਂ ਦੀ ਵੱਡੀ ਸ਼ਮੂਲੀਅਤ ਲਈ ਜਥੇਬੰਦੀ ਵੱਲੋਂ ਔਰਤਾਂ ਨੂੰ ਲਾਮਬੰਦ ਕਰਨ ਲਈ ਇਹ ਟਰੈਕਟਰ ਮਾਰਚ ਕੱਢਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All