ਖਡਿਆਲ ਨੇੜੇ ਨਹਿਰ ’ਚ ਪਾੜ ਦੀ ਜਾਂਚ ਦੇ ਨਿਰਦੇਸ਼
ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 20 ਜੂਨ
ਸੁਨਾਮ ਊਧਮ ਸਿੰਘ ਵਾਲਾ ਨੇੜਲੇ ਪਿੰਡ ਖਡਿਆਲ ਵਿੱਚ ਨੀਲੋਵਾਲ ਨਹਿਰ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਬੈਂਬੀ ਨੇ ਦੱਸਿਆ ਕਿ ਨਹਿਰ ਵਿਚ ਪਏ ਪਾੜ ਸਬੰਧੀ ਐੱਸਡੀਐੱਮ ਸੁਨਾਮ ਨੂੰ ਪੜਤਾਲ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਹਿਰ ਵਿਚ ਪਏ ਪਾੜ ਕਾਰਨ ਖੇਤਾਂ ਵਿਚ ਦਾਖਲ ਹੋ ਰਿਹਾ ਪਾਣੀ ਰੋਕ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਹਿਰ ਵਿੱਚ ਪਏ ਪਾੜ ਸਬੰਧੀ ਉਨ੍ਹਾਂ ਨੇ ਐੱਸਡੀਐੱਮ ਸੁਨਾਮ ਨੂੰ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਇਸ ਨਹਿਰ ਦੇ ਇਕ ਪਾਸੇ ਕਰੀਬ 75 ਫੁੱਟ ਰਸਤਾ ਹੈ, ਜਿਹੜਾ ਕਿ ਕਰੀਬ 115 ਫੁੱਟ ਹੋਣਾ ਚਾਹੀਦਾ ਸੀ ਤੇ ਜਿਹੜੇ ਪਾਸੇ ਨਹਿਰ ਟੁੱਟੀ ਹੈ, ਉਸ ਪਾਸਿਓਂ ਰਸਤਾ ਬਹੁਤ ਹੀ ਜ਼ਿਆਦਾ ਘੱਟ ਹੈ। ਖਦਸ਼ਾ ਹੈ ਕਿ ਨਹਿਰ ਦੀ ਪਟੜੀ ਨੂੰ ਲੋਕਾਂ ਨੇ ਆਪਣੇ ਖੇਤਾਂ ਵਿੱਚ ਰਲਾ ਲਿਆ ਹੈ। ਏਡੀਸੀ ਨੇ ਦੱਸਿਆ ਕਿ ਇੱਥੇ ਸਬੰਧਤ ਵਿਭਾਗਾਂ ਸਮੇਤ ਵੱਖੋ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੀਆਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਸਹਿਯੋਗ ਦੇ ਰਹੀਆਂ ਹਨ, ਜਿਨ੍ਹਾਂ ਦੇ ਉਹ ਧੰਨਵਾਦੀ ਹਨ। ਪਾੜ ਪੂਰਨ ਦੇ ਕੰਮ ਵਿੱਚ ਲੱਗੇ ਲੋਕਾਂ ਲਈ ਮੈਡੀਕਲ ਸੇਵਾ, ਪਾਣੀ ਅਤੇ ਖਾਣੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਰੇਤੇ ਤੇ ਮਿੱਟੀ ਦੀਆਂ ਬੋਰੀਆਂ ਬੇਰਕ ਭਰ ਕੇ ਪਾੜ ਪੂਰਨ ਦਾ ਕੰਮ ਜਾਰੀ ਹੈ। ਉਹ ਖੁਦ ਤੇ ਵੱਖ-ਵੱਖ ਅਧਿਕਾਰੀ ਮੌਕੇ ਉੱਤੇ ਮੌਜੂਦ ਰਹਿ ਕੇ ਕਾਰਜ ਕਰਵਾ ਰਹੇ ਹਨ ਤੇ ਬਹੁਤ ਜਲਦ ਇਹ ਪਾੜ ਪੂਰ ਦਿੱਤਾ ਜਾਵੇਗਾ। ਇਸ ਮੌਕੇ ਐੱਸਡੀਐੱਮ ਸੁਨਾਮ ਪ੍ਰਮੋਦ ਸਿੰਗਲਾ, ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਸਵੇਰੇ ਕਰੀਬ ਚਾਰ/ਪੰਜ ਵਜੇ ਨੀਲੋਵਾਲ ਨਹਿਰ ’ਚ ਪਾੜ ਪੈ ਗਿਆ ਸੀ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਲੰਘੇ ਦਿਨ ਤੋਂ ਹੀ ਨਹਿਰ ਦੇ ਪਾੜ ਨੂੰ ਪੂਰਨ ਦਾ ਕੰਮ ਜਾਰੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਵਲੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਨਹਿਰ ’ਚ ਪਾੜ ਪੈਣ ਦੇ ਖਦਸ਼ੇ ਬਾਰੇ ਜਾਣੂ ਕਰਵਾ ਦਿੱਤਾ ਸੀ ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਿਆ ਹੈ।